ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਨੂੰ ਲੈ ਕੇ ਅੱਜ ਸੰਸਦ ਵਿੱਚ ਭਾਰੀ ਹੰਗਾਮਾ ਹੋਇਆ। ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ 'ਸ਼ਰਮ ਕਰੋ ਸਰਕਾਰ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਹੈ। ਲਗਾਤਾਰ ਨਾਅਰੇਬਾਜ਼ੀ ਕਾਰਨ ਸਪੀਕਰ ਨੇ ਸੈਸ਼ਨ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ।
ਸਰਕਾਰ ਦੇਸ਼ ਨਿਕਾਲੇ 'ਤੇ ਚੁੱਪ ਕਿਉਂ ਹੈ - ਕਾਂਗਰਸ ਸੰਸਦ ਮੈਂਬਰ
ਇਸ ਮਾਮਲੇ ਬਾਰੇ ਕਾਂਗਰਸ ਸੰਸਦ ਮੈਂਬਰ ਮਣਿਕਮ ਟੈਗੋਰ ਨੇ ਕਿਹਾ ਕਿ ਅਮਰੀਕਾ ਤੋਂ 100 ਤੋਂ ਵੱਧ ਭਾਰਤੀਆਂ ਦੇ ਦੇਸ਼ ਨਿਕਾਲਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਦੇਸ਼ ਦੀ ਸਰਕਾਰ ਇਸ 'ਤੇ ਚੁੱਪ ਕਿਉਂ ਹੈ? ਭਾਰਤ ਨੇ ਇਸ ਅਣਮਨੁੱਖੀ ਵਤੀਰੇ ਦੀ ਨਿੰਦਾ ਕਿਉਂ ਨਹੀਂ ਕੀਤੀ?
ਸੰਸਦ ਦੇ ਬਾਹਰ ਹੱਥਕੜੀਆਂ ਲਗਾ ਕੇ ਕੀਤਾ ਪ੍ਰਦਰਸ਼ਨ
ਇਸ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਹੱਥਕੜੀਆਂ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸੀ ਨੇਤਾ ਵੇਣੂਗੋਪਾਲ ਨੂੰ ਹੱਥਾਂ 'ਤੇ ਹੱਥਕੜੀਆਂ ਲਗਾਈਆਂ ਹੋਈਆਂ ਦਿਖਾਈ ਦਿੱਤੀਆਂ। ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ, ਸ਼ਸ਼ੀ ਥਰੂਰ ਸਮੇਤ ਕਈ ਵਿਰੋਧੀ ਸੰਸਦ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ।