ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੈਸਟੀਨੇਸ਼ਨ ਵੈਡਿੰਗ 'ਤੇ ਆਨੰਦ ਕਾਰਜ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਇਹ ਹੁਕਮ ਵੀ ਜਾਰੀ ਕੀਤੇ ਗਏ ਹਨ ਕਿ ਵਿਆਹ ਦੀ ਪਾਰਟੀ ਕਿਤੇ ਵੀ ਰੱਖੀ ਜਾ ਸਕਦੀ ਹੈ ਪਰ ਲਾਵਾਂ ਫੇਰੇ ਗੁਰਦੁਆਰਾ ਸਾਹਿਬ 'ਚ ਹੀ ਲੈਣੇ ਪੈਣਗੇ। ਇਹ ਫੈਸਲਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੌਰਾਨ ਲਿਆ ਗਿਆ।
ਇਸ ਕਾਰਨ ਲਿਆ ਇਹ ਫੈਸਲਾ
ਦਰਅਸਲ, ਇਸ ਸਮੇਂ ਡੈਸਟੀਨੇਸ਼ਨ ਵੈਡਿੰਗ ਦਾ ਟ੍ਰੈਂਡ ਚੱਲ ਰਿਹਾ ਹੈ, ਜਿਸ ਵਿੱਚ ਲੋਕ ਥੀਮ ਆਧਾਰਿਤ ਵਿਆਹ ਜਿਵੇਂ ਕਿ ਬੀਚ ਜਾਂ ਕਿਸੇ ਰਿਜ਼ੋਰਟ ਵਿੱਚ ਹੁੰਦੇ ਸਨ ਅਤੇ ਉੱਥੇ ਆਨੰਦ ਕਾਰਜ ਦੀਆਂ ਰਸਮਾਂ ਵੀ ਨਿਭਾਈਆਂ ਜਾਂਦੀਆਂ ਸਨ। ਹੁਣ ਅਜਿਹੇ ਡੇਸਟੀਨੇਸ਼ਨ ਵੈਡਿੰਗ ਵਿੱਚ ਆਨੰਦ ਕਾਰਜ ਨਹੀਂ ਹੋਣਗੇ।
ਮੈਰਿਜ ਪੈਲੇਸਾਂ 'ਚ ਆਨੰਦ ਕਾਰਜ ਕਰਾਉਣ ਉਤੇ ਪਹਿਲਾਂ ਹੀ ਪਾਬੰਦੀ
ਦੱਸ ਦੇਈਏ ਕਿ ਮੈਰਿਜ ਪੈਲੇਸ 'ਚ ਆਨੰਦ ਕਾਰਜ ਕਰਵਾਉਣ 'ਤੇ ਪਹਿਲਾਂ ਹੀ ਪਾਬੰਦੀ ਹੈ। ਹਾਲ ਹੀ 'ਚ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਸਨ, ਜਿੱਥੇ ਬੀਚ 'ਤੇ ਆਨੰਦ ਕਾਰਜ ਕਰਵਾਇਆ ਜਾ ਰਿਹਾ ਸੀ। ਇਸ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਨਵੇਂ ਹੁਕਮ ਜਾਰੀ ਕੀਤੇ ਗਏ ਹਨ।