ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੰਗਾਮੀ ਮੀਟਿੰਗ ਹੋਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਮੰਗੇ ਗਏ ਸਪੱਸ਼ਟੀਕਰਨ ਪੱਤਰ ਨੂੰ ਜਨਤਕ ਕੀਤਾ ਗਿਆ।
ਦੱਸ ਦੇਈਏ ਕਿ ਜਲਦ ਹੀ ਸਿੰਘ ਸਾਹਿਬਾਨ ਵੱਲੋਂ ਮੀਟਿੰਗ ਬੁਲਾਈ ਜਾਵੇਗੀ। ਚਿੱਠੀ 'ਚ ਸੁਖਬੀਰ ਬਾਦਲ ਨੇ ਲਿਖਿਆ ਕਿ ਮੈਂ ਗੁਰੂ ਸਾਹਿਬ ਤੋਂ ਬਿਨਾਂ ਸ਼ਰਤ ਮੁਆਫੀ ਮੰਗਦਾ ਹਾਂ ਅਤੇ ਸਾਰੀਆਂ ਗਲਤੀਆਂ ਆਪਣੀ ਝੋਲੀ 'ਚ ਪਾਉਂਦਾ ਹਾਂ।
ਦੱਸ ਦੇਈਏ ਕਿ ਪਿਛਲੇ ਦਿਨੀਂ ਬਾਗੀ ਅਕਾਲੀਆਂ ਵਲੋਂ ਲਾਏ ਦੋਸ਼ਾਂ ਦੇ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਸਪੱਸ਼ਟੀਕਰਨ ਮੰਗੇ ਗਏ ਸਨ।
ਇਕ ਜੁਲਾਈ ਨੂੰ ਬਾਗੀ ਅਕਾਲੀ ਆਗੂਆਂ ਨੇ ਦਿੱਤਾ ਸੀ ਮੁਆਫੀਨਾਮਾ
ਜ਼ਿਕਰਯੋਗ ਹੈ ਕਿ ਇਕ ਜੁਲਾਈ ਨੂੰ ਬਾਗੀ ਅਕਾਲੀ ਆਗੂਆਂ ਵਲੋਂ ਅਕਾਲੀ ਸਰਕਾਰ ਵੇਲੇ ਹੋਈਆਂ ਭੁੱਲਾਂ ਗਲਤੀਆਂ ਲਈ ਮੁਆਫੀਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦਿੱਤਾ ਗਿਆ ਸੀ, ਜਿਸ ਉਪਰੰਤ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਗਈ ਸੀ।
24 ਜੁਲਾਈ ਨੂੰ ਸੌਂਪਿਆ ਲਿਖਤੀ ਸਪੱਸ਼ਟੀਕਰਨ
ਇਸ ਉਪਰੰਤ ਬੀਤੀ 24 ਜੁਲਾਈ ਨੂੰ ਦੋਵਾਂ ਅਕਾਲੀ ਆਗੂਆਂ ਵਲੋਂ ਆਪਣੇ ਲਿਖਤੀ ਸਪੱਸ਼ਟੀਕਰਨ ਜਥੇਦਾਰ ਸਾਹਿਬ ਨੂੰ ਸੌਂਪ ਦਿੱਤੇ ਗਏ। ਜਾਣਕਾਰੀ ਅਨੁਸਾਰ ਅੱਜ ਸਿੰਘ ਸਾਹਿਬਾਨ ਨੇ ਅਚਨਚੇਤੀ ਇਕੱਤਰਤਾ ਕਰਕੇ ਉਕਤ ਦੋਵੇਂ ਪੱਤਰ ਜਨਤਕ ਕਰ ਦਿੱਤੇ ਹਨ ਤੇ ਆਉਂਦੇ ਦਿਨਾਂ ਵਿਚ ਇਸ ਸੰਬੰਧੀ ਕੋਈ ਅਹਿਮ ਫ਼ੈਸਲਾ ਵੀ ਸੁਣਾਇਆ ਜਾ ਸਕਦਾ ਹੈ।
ਇਕੱਤਰਤਾ ਵਿਚ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਮੌਜੂਦ ਸਨ।