ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਈਆਂ ਭੁੱਲਾਂ ਨੂੰ ਕਬੂਲ ਕਰ ਲਿਆ ਹੈ। ਨਾਲ ਹੀ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਨੂੰ ਮੁਆਫ਼ੀ ਦੇਣ ਅਤੇ ਗੋਲੀਬਾਰੀ ਦੀ ਘਟਨਾ ਦਾ ਜੁਰਮ ਵੀ ਕਬੂਲ ਕੀਤਾ ਹੈ। ਉਨ੍ਹਾਂ ਮੰਨਿਆ ਕਿ ਨੇਤਾਵਾਂ ਨੇ ਆਪਣੀ ਸਰਕਾਰ ਸਮੇਂ ਗਲਤੀਆਂ ਕੀਤੀਆਂ ਹਨ।
ਮਜੀਠੀਆ ਨੇ ਹੱਥ ਜੋੜ ਕੇ ਮੰਗੀ ਮਾਫੀ
ਬਿਕਰਮ ਮਜੀਠੀਆ ਨੇ ਵੀ ਹੱਥ ਜੋੜ ਕੇ ਸਿੰਘ ਸਾਹਿਬਾਨ ਤੋਂ ਮੁਆਫੀ ਮੰਗੀ। ਉਨ੍ਹਾਂ ਕਿਹਾ ਕਿ ਉਹ 2007 ਤੋਂ 2012 ਤੱਕ ਮੰਤਰੀ ਮੰਡਲ ਦਾ ਹਿੱਸਾ ਨਹੀਂ ਸਨ ਪਰ 2012 ਤੋਂ 2017 ਤੱਕ ਮੰਤਰੀ ਮੰਡਲ ਦਾ ਹਿੱਸਾ ਰਹੇ। ਮੈਂ ਕਿਸੇ ਮੁੱਦੇ ਵਿੱਚ ਸ਼ਾਮਲ ਨਹੀਂ ਸੀ ਪਰ ਇਹ ਮੇਰੀ ਗਲਤੀ ਸੀ ਕਿ ਮੈਂ ਉਸ ਮੰਤਰੀ ਮੰਡਲ ਦਾ ਹਿੱਸਾ ਸੀ। ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।
ਢੀਂਡਸਾ ਨੇ ਵੀ ਆਪਣੀ ਗਲਤੀ ਮੰਨ ਲਈ
ਪਰਮਿੰਦਰ ਸਿੰਘ ਢੀਂਡਸਾ ਨੇ ਵੀ ਆਪਣੀ ਗਲਤੀ ਮੰਨ ਲਈ ਹੈ। ਸਿੰਘ ਸਾਹਿਬਾਨ ਨੇ ਢੀਂਡਸਾ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਬੇਅਦਬੀ ਕਾਂਡ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਸਮਰਥਨ ਕੀਤਾ ਸੀ? ਤਾਂ ਉਸ ਨੇ ਹਾਂ ਵਿੱਚ ਜਵਾਬ ਦਿੱਤਾ ਅਤੇ ਕਿਹਾ ਕਿ ਹਾਂ, ਮੈਂ ਇਹ ਗੁਨਾਹ ਕੀਤਾ ਹੈ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਦੌਰਾਨ ਅਕਾਲੀਆਂ ਆਗੂਆਂ ਤੋਂ ਸਵਾਲ-ਜਵਾਬ ਕੀਤੇ ਗਏ, ਜਿਸ ਵਿਚ ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਬਲਵਿੰਦਰ ਸਿੰਘ ਭੂੰਦੜ ਸਮੇਤ ਕਈ ਹੋਰ ਆਗੂ ਮੌਜੂਦ ਰਹੇ।