ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਬੀਤੇ ਦਿਨੀਂ ਪੰਜ ਸਿੰਘ ਸਾਹਿਬਾਨ ਵੱਲੋਂ ਸੁਣਾਈ ਗਈ ਧਾਰਮਕ ਸਜ਼ਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅੱਜ ਸੇਵਾਦਾਰਾਂ ਵਾਲਾ ਨੀਲਾ ਚੋਲ਼ਾ ਪਾ ਕੇ ਅਤੇ ਹੱਥ ਵਿਚ ਬਰਛਾ ਲੈ ਕੇ ਗਲ ਵਿਚ ਅਕਾਲ ਤਖਤ ਸਾਹਿਬ ਵੱਲੋਂ ਪਾਈ ਤਖ਼ਤੀ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਦਰਸ਼ਨੀ ਡਿਓੜੀ ਵਿਖੇ ਸੇਵਾ ਨਿਭਾਅ ਰਹੇ ਹਨ।
ਵ੍ਹੀਲ ਚੇਅਰ 'ਤੇ ਬੈਠ ਕੇ ਨਿਭਾਅ ਰਹੇ ਸੇਵਾ
ਸੁਖਬੀਰ ਸਿੰਘ ਬਾਦਲ ਦੇ ਪੈਰ ਅਤੇ ਲੱਤ ’ਤੇ ਪਲਸਤਰ ਲੱਗਾ ਹੋਣ ਕਾਰਨ ਉਹ ਵੀਲ੍ਹ ਚੇਅਰ ’ਤੇ ਬੈਠ ਕੇ ਸੇਵਾ ਨਿਭਾਅ ਰਹੇ ਹਨ। ਆਦੇਸ਼ ਅਨੁਸਾਰ ਉਨ੍ਹਾਂ ਨੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਇਹ ਸੇਵਾ ਨਿਭਾਉਣੀ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਅੱਜ ਲੰਗਰ ਵਿਚ ਬਰਤਨ ਸਾਫ ਕਰਨ, ਜੋੜੇ ਸਾਫ ਕਰਨ ਸਮੇਤ ਹੋਰ ਲੱਗੀਆਂ ਤਨਖਾਹ ਦੀਆਂ ਸੇਵਾਵਾਂ ਵੀ ਨਿਭਾਈਆਂ ਜਾਣਗੀਆਂ।
ਇਸ ਦੇ ਨਾਲ ਹੀ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਬਜ਼ੁਰਗ ਅਕਾਲੀ ਆਗੂ ਸੁਖਦੇਵ ਸਿੰਘ ਢੀਡਸਾ ਵੀ ਸੇਵਾਦਾਰ ਵਾਲਾ ਚੋਲ਼ਾ ਪਹਿਨ ਕੇ ਅਤੇ ਹੱਥ ਵਿਚ ਬਰਛਾ ਫੜ੍ਹ ਕੇ, ਗਲ ਵਿਚ ਤਖ਼ਤੀ ਪਾ ਕੇ ਸੇਵਾ ਨਿਭਾਉਣ ਪੁੱਜੇ। ਦੋਵੇਂ ਆਗੂ ਘੰਟਾ ਘਰ ਡਿਊੜੀ ਦੇ ਦੋਨੇ ਪਾਸੇ ਬੈਠ ਕੇ ਇਹ ਸੇਵਾ ਨਿਭਾਅ ਰਹੇ ਹਨ।
ਸੁਖਬੀਰ ਬਾਥਰੂਮ ਸਾਫ਼ ਨਹੀਂ ਕਰਨਗੇ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਬਾਥਰੂਮ ਸਾਫ਼ ਕਰਨ ਦੀ ਸਜ਼ਾ ਸੁਣਾਈ ਸੀ ਪਰ ਉਨ੍ਹਾਂ ਦੀ ਲੱਤ ਵਿੱਚ ਫਰੈਕਚਰ ਹੋਣ ਕਾਰਨ ਇਸ ਸਜ਼ਾ ਤੋਂ ਛੋਟ ਦਿੱਤੀ ਗਈ ਹੈ। ਜਦਕਿ ਹੋਰ ਅਕਾਲੀ ਦਲ ਦੇ ਆਗੂ ਤੇ ਕੈਬਨਿਟ ਮੈਂਬਰ 12 ਵਜੇ ਤੋਂ ਬਾਅਦ ਬਾਥਰੂਮਾਂ ਦੀ ਸਫ਼ਾਈ ਦੀ ਸੇਵਾ ਕਰਨਗੇ |
ਭਾਂਡਿਆਂ ਦੀ ਸੇਵਾ ਉਪਰੰਤ ਸੁਖਮਨੀ ਸਾਹਿਬ ਦਾ ਪਾਠ ਕਰਨਗੇ
ਸੁਖਬੀਰ ਬਾਦਲ ਭਾਂਡੇ ਸਾਫ਼ ਕਰਨ ਦੀ ਸੇਵਾ ਕਰਨਗੇ, ਇਸ ਉਪਰੰਤ ਉਹ ਕੀਰਤਨ ਸਰਵਣ ਕਰਨਗੇ ਅਤੇ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਦੂਜੇ ਪਾਸੇ ਦੂਜੇ ਆਗੂਆਂ ਨੂੰ 3 ਤੋਂ 12 ਦਸੰਬਰ ਤੱਕ ਦੁਪਹਿਰ 1 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਵਿੱਚ ਬਾਥਰੂਮ ਦੀ ਸਫ਼ਾਈ ਕਰਨ, ਉਸ ਤੋਂ ਬਾਅਦ ਇਸ਼ਨਾਨ ਕਰਨ, ਲੰਗਰ ਛਕਾਉਣ, ਫਿਰ ਨਿਤਨੇਮ ਤੇ ਸੁਖਮਨੀ ਸਾਹਿਬ ਦੇ ਪਾਠ ਕਰਨ ਦੀ ਧਾਰਮਿਕ ਸਜ਼ਾ ਦਿੱਤੀ ਗਈ ਹੈ।
ਇਨ੍ਹਾਂ ਮਾਮਲਿਆਂ ਵਿੱਚ ਮਿਲੀ ਧਾਰਮਕ ਸਜ਼ਾ
ਰਾਮ ਰਹੀਮ ਖਿਲਾਫ ਸ਼ਿਕਾਇਤ ਵਾਪਸ ਲੈ ਲਈ
ਸੁਖਬੀਰ ਬਾਦਲ ਨੇ ਡੇਰਾ ਮੁਖੀ ਨੂੰ ਮਾਫੀ ਦੁਆਈ
ਬੇਅਦਬੀ ਦੀਆਂ ਘਟਨਾਵਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਗਈ
ਝੂਠੇ ਕੇਸਾਂ ਵਿੱਚ ਮਾਰੇ ਸਿੱਖਾਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ
ਸੰਗਤਾਂ ਦੇ ਪੈਸੇ ਨਾਲ ਇਸ਼ਤਿਹਾਰ ਦਿੱਤੇ
ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਨੇ 2007 ਤੋਂ 2017 ਤੱਕ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਸਰਕਾਰ ਦੁਆਰਾ ਕੀਤੀਆਂ ਗਲਤੀਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਲਈ ਸਜ਼ਾਵਾਂ ਜਾਰੀ ਕੀਤੀਆਂ ਹਨ।
ਇਸ ਦੇ ਨਾਲ ਹੀ ਦੱਸ਼ ਦੇਈਏ ਕਿ ਅਕਾਲੀ ਸਰਕਾਰ ਸਮੇਂ ਹੋਏ ਗੁਨਾਹਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਲੀਡਰਸ਼ਿਪ ਨੂੰ ਲਗਾਈ ਗਈ ਧਾਰਮਕ ਸਜ਼ਾ ਨੂੰ ਪੂਰਾ ਕਰਨ ਲਈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਗਏ ਹਨ।