ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇਕ ਵਾਰ ਫਿਰ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਹੈ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀ ਐਮ ਭਗਵੰਤ ਮਾਨ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਹੋ ਰਹੀ ਹੈ ਨਾਜਾਇਜ਼ ਮਾਈਨਿੰਗ, ਕੀ ਪੰਜਾਬ 'ਚ ਕਾਨੂੰਨ ਦਾ ਰਾਜ ਹੈ?
ਖਹਿਰਾ ਨੇ ਇਹ ਟਵੀਟ ਕੀਤਾ ਹੈ
ਸੁਖਪਾਲ ਖਹਿਰਾ ਨੇ ਟਵੀਟ ਕਰ ਕੇ ਲਿਖਿਆ ਕਿ ਮੈਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਨਕਾਰਨ ਦੀ ਚੁਣੌਤੀ ਦਿੰਦਾ ਹਾਂ। ਮੈਂ ਆਨੰਦਪੁਰ ਸਾਹਿਬ ਦੇ ਸਰਪੰਚ ਦੀ ਇੱਕ ਵੀਡੀਓ ਸਾਂਝੀ ਕਰ ਰਿਹਾ ਹਾਂ ਜਿੱਥੇ ਸਰਕਾਰੀ ਜ਼ਮੀਨਾਂ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।
ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਕਿਹਾ
ਵੀਡੀਓ ਵਿੱਚ ਵਿਅਕਤੀ ਕਹਿ ਰਿਹਾ ਹੈ ਕਿ ਉਹ ਪਿੰਡ ਭੁਲਾੜ ਦੇ ਸੈਕਸ਼ਨ ਬੋਰਡ ਵਿੱਚ ਮੌਜੂਦ ਹੈ। ਤੁਸੀਂ ਦੇਖ ਸਕਦੇ ਹੋ ਕਿ ਰਾਤ ਸਮੇਂ ਇੱਥੇ ਅੰਨ੍ਹੇਵਾਹ ਮਾਈਨਿੰਗ ਚੱਲ ਰਹੀ ਸੀ। ਜਦਕਿ ਦੂਜੇ ਪਾਸੇ ਪਿੰਡ ਦੇ ਲੋਕਾਂ ਦੇ ਘਰ ਹਨ। ਪਿੰਡਾਂ ਦੇ ਲੋਕਾਂ ਨੇ ਮੈਨੂੰ ਦੱਸਿਆ ਕਿ ਉਹ ਪੂਰੀ ਰਾਤ ਸੌਂ ਨਹੀਂ ਸਕੇ ਕਿਉਂਕਿ ਮਾਈਨਿੰਗ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਨੂੰ ਅਪੀਲ ਕਰਦਾ ਹਾਂ ਕਿ ਇਸ ਨਾਜਾਇਜ਼ ਮਾਈਨਿੰਗ ਨੂੰ ਰੋਕਿਆ ਜਾਵੇ ਅਤੇ ਇਸ ਦੀ ਜਾਂਚ ਕਰਵਾਈ ਜਾਵੇ।