ਖਬਰਿਸਤਾਨ ਨੈੱਟਵਰਕ- ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਜਿਸ ਤਹਿਤ ਭਲਕੇ ਤੋਂ ਚੰਡੀਗੜ੍ਹ ਦੇ ਸਕੂਲ 1 ਜੁਲਾਈ ਤੱਕ ਬੰਦ ਰਹਿਣਗੇ। ਇਹ ਛੁੱਟੀਆਂ 23 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ।
ਹਰਿਆਣਾ ਵਿਚ 1 ਜੂਨ ਤੋਂ ਛੁੱਟੀਆਂ
ਹਰਿਆਣਾ ਵਿੱਚ, ਰਾਜ ਦੇ ਸਾਰੇ ਸਕੂਲ 1 ਜੂਨ, 2025 ਤੋਂ 30 ਜੂਨ, 2025 ਤੱਕ 30 ਦਿਨਾਂ ਲਈ ਪੂਰੀ ਤਰ੍ਹਾਂ ਬੰਦ ਰਹਿਣਗੇ। ਸਿੱਖਿਆ ਵਿਭਾਗ ਨੇ ਇਸ ਸੰਬੰਧੀ ਇੱਕ ਆਦੇਸ਼ ਵੀ ਜਾਰੀ ਕੀਤਾ ਹੈ। ਇਸ ਹੁਕਮ ਦੇ ਅਨੁਸਾਰ ਸਕੂਲ ਮੰਗਲਵਾਰ 1 ਜੁਲਾਈ ਤੋਂ ਦੁਬਾਰਾ ਖੁੱਲ੍ਹਣਗੇ।
ਪੰਜਾਬ ਵਿੱਚ 27 ਮਈ ਤੋਂ ਛੁੱਟੀਆਂ ਹੋਣ ਦੀ ਸੰਭਾਵਨਾ
ਇਸੇ ਤਰ੍ਹਾਂ ਪੰਜਾਬ ਵਿੱਚ ਵੀ ਜਲਦੀ ਹੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੋ ਸਕਦਾ ਹੈ। ਉਮੀਦ ਹੈ ਕਿ ਸਰਕਾਰ ਜਲਦੀ ਹੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰੇਗੀ। ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ 27 ਮਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਛੁੱਟੀਆਂ 1 ਜੁਲਾਈ, 2025 ਤੱਕ ਰਹਿਣ ਦੀ ਉਮੀਦ ਹੈ। ਇਸ ਸਮੇਂ ਦੌਰਾਨ, ਸੂਬੇ ਭਰ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ ਬੰਦ ਰਹਿਣਗੇ।
ਪੰਜਾਬ ਵਿਚ ਲਗਾਤਾਰ ਵੱਧ ਰਹੀ ਗਰਮੀ
ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਬੀਤੇ ਦਿਨੀਂ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਤਾਂ ਜ਼ਰੂਰ ਮਿਲੀ ਪਰ ਕਈ ਜ਼ਿਲ੍ਹਿਆਂ ਵਿੱਚ ਗਰਮੀ ਦਾ ਪ੍ਰਕੋਪ ਜਾਰੀ ਹੈ। ਜਿਸ ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਸੂਬੇ ਵਿੱਚ ਹੀਟ ਵੇਵ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਬਠਿੰਡਾ ਸਭ ਤੋਂ ਗਰਮ
ਮੌਸਮ ਵਿਭਾਗ ਅਨੁਸਾਰ, ਬਠਿੰਡਾ ਵਿੱਚ ਵੀਰਵਾਰ ਨੂੰ ਪਾਰਾ 47.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਹੈ। ਵਿਭਾਗ ਨੇ ਬਠਿੰਡਾ ਵਿੱਚ ਗੰਭੀਰ ਗਰਮੀ ਦੀ ਲਹਿਰ ਅਤੇ ਫਰੀਦਕੋਟ ਵਿੱਚ ਗਰਮੀ ਦੀ ਲਹਿਰ ਦਰਜ ਕੀਤੀ ਹੈ।
24 ਮਈ ਨੂੰ ਪੰਜਾਬ ਵਿੱਚ ਮੀਂਹ ਪਵੇਗਾ।
ਹਾਲਾਂਕਿ, 24 ਮਈ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਰਾਹਤ ਮਿਲ ਸਕਦੀ ਹੈ। ਦੇਰ ਸ਼ਾਮ, ਤੇਜ਼ ਹਵਾਵਾਂ ਅਤੇ ਧੂੜ ਭਰੀ ਹਨੇਰੀ ਨੇ ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕੀਤਾ, ਜਿਸ ਤੋਂ ਬਾਅਦ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਦੇਖੀ ਗਈ।
ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ਲਈ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ 22 ਮਈ ਨੂੰ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਮੁਕਤਸਰ, ਬਰਨਾਲਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਔਰੇਂਜ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਮੋਹਾਲੀ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਹੀਟਵੇਵ ਲਈ ਯੈਲੋ ਅਲਰਟ ਹੈ।