ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੇ ਮੁਖੀ ਸੁਨੀਲ ਜਾਖੜ ਦੇ ਅਸਤੀਫੇ ਦੀ ਚਰਚਾ ਹੈ। ਹੁਣ ਇਸ 'ਤੇ ਸੁਨੀਲ ਜਾਖੜ ਦਾ ਬਿਆਨ ਆਇਆ ਹੈ। ਜਾਖੜ ਨੇ ਅਸਤੀਫੇ ਦੀ ਗੱਲ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਸਤੀਫਾ ਪਾਰਟੀ ਹਾਈਕਮਾਂਡ ਕੋਲ ਪਿਆ ਹੈ ਅਤੇ ਉਹ ਜਦੋਂ ਚਾਹੁਣ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਸਕਦੇ ਹਨ।
ਸੀਟ ਨਾ ਮਿਲਣ 'ਤੇ ਆਪਣੀ ਨਾਕਾਮੀ ਬਾਰੇ ਦੱਸਿਆ
ਸੁਨੀਲ ਜਾਖੜ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਪੰਜਾਬ 'ਚ ਇੱਕ ਵੀ ਸੀਟ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਬਤੌਰ ਮੁਖੀ ਇਹ ਉਨ੍ਹਾਂ ਦੀ ਨਾਕਾਮੀ ਸੀ, ਇਸ ਲਈ ਉਨ੍ਹਾਂ ਨੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ ਸੁਨੀਲ ਜਾਖੜ ਵੱਲੋਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਚਰਚਾ ਸੀ। ਹਾਲਾਂਕਿ ਉਸ ਦੌਰਾਨ ਭਾਜਪਾ ਪਾਰਟੀ ਦੇ ਆਗੂਆਂ ਨੇ ਅਸਤੀਫ਼ੇ ਸਬੰਧੀ ਕਿਹਾ ਸੀ ਕਿ ਉਨ੍ਹਾਂ ਦਾ ਅਸਤੀਫ਼ਾ ਹਾਈਕਮਾਂਡ ਵੱਲੋਂ ਪ੍ਰਾਪਤ ਨਹੀਂ ਹੋਇਆ ।
ਜਾਖੜ ਨੇ ਇਹ ਵੀ ਕਿਹਾ ਕਿ ਉਹ ਅਸਫਲਤਾ ਨਾਲ ਆਪਣੇ ਆਪ ਨੂੰ ਦਾਗਦਾਰ ਨਹੀਂ ਹੋਣ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਉਨ੍ਹਾਂ ਦੀ ਵੋਟ ਪ੍ਰਤੀਸ਼ਤਤਾ ਵਧੀ ਹੈ ਪਰ ਉਨ੍ਹਾਂ ਨੂੰ ਇੱਕ ਵੀ ਸੀਟ ਨਹੀਂ ਮਿਲੀ। ਦੱਸ ਦੇਈਏ ਕਿ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਸਨ। ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ।
ਜ਼ਿਮਨੀ ਚੋਣਾਂ 'ਚ ਨਹੀਂ ਕਰ ਰਹੇ ਪ੍ਰਚਾਰ
ਇਸ ਦੇ ਨਾਲ ਹੀ ਭਾਜਪਾ ਦੇ ਕਈ ਨੇਤਾ ਇਸ ਤੋਂ ਇਨਕਾਰ ਕਰ ਰਹੇ ਸਨ ਪਰ ਹੁਣ ਸੁਨੀਲ ਜਾਖੜ ਨੇ ਖੁਦ ਅਸਤੀਫੇ ਦੀ ਗੱਲ ਸਵੀਕਾਰ ਕਰ ਲਈ ਹੈ। ਸੁਨੀਲ ਜਾਖੜ ਵੀ ਪੰਜਾਬ ਵਿੱਚ ਹੋਣ ਵਾਲੀਆਂ ਉਪ ਚੋਣਾਂ ਲਈ ਪ੍ਰਚਾਰ ਨਹੀਂ ਕਰ ਰਹੇ ਹਨ।