ਜਲੰਧਰ 'ਚ ਧੂੰਏਂ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਗਈ ਹੈ, ਜਿਸ ਕਾਰਨ ਸੜਕ ਹਾਦਸੇ ਹੋਣ ਦੇ ਮਾਮਲੇ ਵੱਧ ਰਹੇ ਹਨ। ਇਸੇ ਤਰ੍ਹਾਂ ਪੁਲਸ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਏਐਸਆਈ ਕੁਲਦੀਪ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਫਿਲੌਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਫਿਰ ਜਲੰਧਰ ਰੈਫਰ ਕਰ ਦਿੱਤਾ ਗਿਆ।
ਹਾਦਸਾ ਡੀਏਵੀ ਕਾਲਜ ਫਿਲੌਰ ਨੇੜੇ ਵਾਪਰਿਆ
ਐਸਐਸਐਫ (ਰੋਡ ਸੇਫਟੀ ਫੋਰਸ) ਦੇ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੀਏਵੀ ਕਾਲਜ ਫਿਲੌਰ ਨੇੜੇ ਪੰਜਾਬ ਪੁਲਸ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਪੁਲਸ ਦੀ ਬੱਸ ਟਰੱਕ ਦੇ ਪਿੱਛੇ ਫਸੀ ਹੋਈ ਸੀ। ਜਿਸ ਵਿੱਚ ਬੱਸ ਚਲਾ ਰਿਹਾ ਏਐਸਆਈ ਕੁਲਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਬੱਸ ਕਪੂਰਥਲਾ ਤੋਂ ਪਟਿਆਲਾ ਜਾ ਰਹੀ ਸੀ
ਉਨ੍ਹਾਂ ਅੱਗੇ ਦੱਸਿਆ ਕਿ ਗੁਰਪੁਰਬ ਨੂੰ ਮੁੱਖ ਰੱਖਦਿਆਂ ਸੰਗਤਾਂ ਦੀ ਸੁਰੱਖਿਆ ਲਈ ਪੰਜਾਬ ਪੁਲਸ ਦੇ ਜਵਾਨਾਂ ਨੂੰ ਕਪੂਰਥਲਾ ਤੋਂ ਬਹਾਦਰਗੜ੍ਹ ਪਟਿਆਲਾ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਧੂੰਏਂ ਕਾਰਨ ਵਿਜ਼ੀਬਿਲਟੀ ਘੱਟ ਸੀ ਅਤੇ ਬੱਸ ਰਸਤੇ ਵਿੱਚ ਇੱਕ ਟਰੱਕ ਨਾਲ ਟਕਰਾ ਗਈ।
ਬੱਸ ਵਿਚੋਂ ਪੁਲਸ ਵਾਲਿਆਂ ਨੂੰ ਬਾਹਰ ਕੱਢਣ ਲਈ ਕਰਨੀ ਪਈ ਮੁਸ਼ੱਕਤ
ਹਾਦਸੇ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੂੰ ਬਾਹਰ ਕੱਢਣ ਲਈ ਮੁਸ਼ੱਕਤ ਕਰਨੀ ਪਈ ਕਿਉਂਕਿ ਬੱਸ ਟਰੱਕ ਦੇ ਪਿੱਛੇ ਫਸੀ ਹੋਈ ਸੀ। ਜਿਸ ਕਾਰਨ ਕੁਲਦੀਪ ਸਿੰਘ ਬੁਰੀ ਤਰ੍ਹਾਂ ਨਾਲ ਇਸ ਵਿੱਚ ਫਸ ਗਿਆ ਅਤੇ ਉਸ ਨੂੰ ਬਾਹਰ ਕੱਢਣ ਲਈ ਐਸ.ਐਸ.ਐਫ ਦੀ ਟੀਮ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਉਦੋਂ ਹੀ ਉਸ ਨੂੰ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।