ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਬਿਧੀਪੁਰ ਫਾਟਕ ਨੇੜੇ ਇਕ ਆਟੋ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਟੱਕਰ ਇੰਨੀ ਭਿਆਨਕ ਸੀ ਕਿ ਆਟੋ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਆਟੋ ਵਿੱਚ ਸਵਾਰ ਚਾਰ ਵਿਅਕਤੀਆਂ ਵਿੱਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਪਰਮਜੀਤ ਸਿੰਘ ਵਾਸੀ ਬਿਧੀਪੁਰ ਅਤੇ ਪੰਕਜ ਵਾਸੀ ਮੁਸਲਿਮ ਕਲੋਨੀ ਵਜੋਂ ਹੋਈ ਹੈ। ਜ਼ਖ਼ਮੀ ਹੈਪੀ ਵਾਸੀ ਨੂਰਪੁਰ ਕਲੋਨੀ ਅਤੇ ਗੰਭੀਰ ਜ਼ਖ਼ਮੀ ਗੋਵਿੰਦਾ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜਾਣਕਾਰੀ ਮੁਤਾਬਕ ਪੰਕਜ ਆਟੋ ਚਲਾ ਰਿਹਾ ਸੀ ਅਤੇ ਸਵਾਰੀਆਂ ਨੂੰ ਛੱਡਣ ਜਾ ਰਿਹਾ ਸੀ।
ਥਾਣਾ ਮਕਸੂਦਾਂ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਰਮਜੀਤ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਪਹੁੰਚ ਕੇ ਪਤਾ ਲੱਗਾ ਕਿ ਪਰਮਜੀਤ ਦੀ ਮੌਤ ਹੋ ਚੁੱਕੀ ਹੈ। ਪਤਨੀ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ।
ਮੌਕੇ ’ਤੇ ਪੁੱਜੇ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਉਹ ਸਪੋਟ ਉਤੇ ਪੁੱਜੇ ਤਾਂ ਕਾਰ ਚਾਲਕ ਫ਼ਰਾਰ ਹੋ ਚੁੱਕਾ ਸੀ। ਗੱਡੀ ਦੇ ਨੰਬਰ ਤੋਂ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਜ਼ਖਮੀ ਹੈਪੀ ਨੇ ਦੱਸਿਆ ਕਿ ਉਹ ਸਹੀ ਦਿਸ਼ਾ ਵੱਲ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਸਦੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਸਾਈਡ 'ਤੇ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ।