ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਵਿਸ਼ਵ ਕੱਪ ਫਾਈਨਲ ਦੌਰਾਨ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ। ਇੱਕ ਫਿਲਸਤੀਨੀ ਸਮਰਥਕ ਅਚਾਨਕ ਖੇਡ ਮੈਦਾਨ ਵਿੱਚ ਆ ਗਿਆ ਅਤੇ ਵਿਰਾਟ ਕੋਹਲੀ ਦੇ ਨੇੜੇ ਜਾ ਕੇ ਉਸ ਨੂੰ ਪਿੱਛੇ ਤੋਂ ਫੜ ਲਿਆ। ਇਸ ਨੌਜਵਾਨ ਦਾ ਨਾਮ ਵੇਨ ਜੌਨਸਨ ਦੱਸਿਆ ਜਾ ਰਿਹਾ ਹੈ ਅਤੇ ਉਹ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ। ਜਾਨਸਨ 'ਫ੍ਰੀ ਫਿਲਸਤੀਨ' ਟੀ-ਸ਼ਰਟ ਪਾ ਕੇ ਮੈਦਾਨ 'ਚ ਪਹੁੰਚਿਆ। ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਥੇ ਹੀ ਜੌਨਸਨ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਤੋਂ ਹਾਂ। ਮੈਂ ਵਿਰਾਟ ਕੋਹਲੀ ਨੂੰ ਮਿਲਣ ਲਈ ਮੈਦਾਨ 'ਤੇ ਪਹੁੰਚਿਆ ਸੀ। ਮੈਂ ਫਿਲਸਤੀਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਯੁੱਧ ਦਾ ਵਿਰੋਧ ਕਰਨ ਲਈ ਇੱਕ ਫ੍ਰੀ ਫਿਲਸਤੀਨ ਟੀ-ਸ਼ਰਟ ਪਾਈ ਸੀ।।
ਜੌਨਸਨ ਨੂੰ 10 ਹਜ਼ਾਰ ਡਾਲਰ ਦਾ ਇਨਾਮ
ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਆਸਟ੍ਰੇਲੀਅਨ ਨਾਗਰਿਕ ਵੇਨ ਜੌਨਸਨ ਲਈ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਇੱਕ ਵੀਡੀਓ ਵਿੱਚ ਪੰਨੂ ਨੇ ਵੀ ਭਾਰਤ ਦੇ ਖਿਲਾਫ਼ ਕਈ ਸਾਰੀਆਂ ਗੱਲਾਂ ਕਹੀਆਂ ਅਤੇ ਖਾਲਿਸਤਾਨ ਦਾ ਸਮਰਥਨ ਕੀਤਾ ਹੈ। ਉਸਨੇ ਕਿਹਾ ਕਿ , ਮੈਦਾਨ 'ਤੇ ਪਹੁੰਚ ਕੇ ਜੌਨਸਨ ਨੇ ਗਾਜ਼ਾ ਅਤੇ ਫਿਲਸਤੀਨ ਬਾਰੇ ਭਾਰਤ ਦੇ ਸਟੈਂਡ ਨੂੰ ਉਜਾਗਰ ਕੀਤਾ ਹੈ। ਇਸ ਦੇ ਲਈ SFJ ਨੇ ਜੌਨਸਨ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਸੀਂ ਜੌਨਸਨ ਦੇ ਨਾਲ ਖੜੇ ਹਾਂ। ਉਨ੍ਹਾਂ ਖਾਲਿਸਤਾਨ ਅਤੇ ਫਿਲਸਤੀਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਵੀ ਕੀਤੀ।
ਸੁਰੱਖਿਆ ਕਰਮਚਾਰੀਆਂ ਨੇ ਭੇਜਿਆ ਬਾਹਰ
ਇਸ ਦੌਰਾਨ ਫਿਲਸਤੀਨੀ ਸਮਰਥਕ ਨੂੰ ਸੁਰੱਖਿਆ ਕਰਮਚਾਰੀਆਂ ਨੇ ਫੜ ਲਿਆ ਅਤੇ ਮੈਦਾਨ ਤੋਂ ਬਾਹਰ ਲੈ ਗਏ। ਇਸ ਦੌਰਾਨ ਮੈਚ ਰੋਕਣਾ ਵੀ ਪਿਆ। ਸੁਰੱਖਿਆ ਘੇਰਾ ਤੋੜਨ ਲਈ ਉਸ ਸਮਰਥਕ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਪੰਨੂ ਨੇ ਦਿੱਤੀ ਸੀ ਧਮਕੀ
ਦੱਸ ਦੇਈਏ ਕਿ ਅੱਤਵਾਦੀ ਗੁਰਪਤਵੰਤ ਪੰਨੂ ਨੇ ਵਿਸ਼ਵ ਕੱਪ ਨੂੰ ਲੈ ਕੇ ਧਮਕੀ ਦਿੱਤੀ ਸੀ। ਉਸ ਨੇ 19 ਨਵੰਬਰ ਨੂੰ ਏਅਰ ਇੰਡੀਆ ਦੀਆਂ ਉਡਾਣਾਂ 'ਚ ਸਵਾਰ ਨਾ ਹੋਣ ਦੀ ਗੱਲ ਕਹੀ ਸੀ। ਅਸੀਂ ਵਿਸ਼ਵ ਕੱਪ ਫਾਈਨਲ ਵਾਲੇ ਦਿਨ ਉਡਾਣਾਂ ਨਹੀਂ ਚੱਲਣ ਦੇਵਾਂਗੇ।