ਖਬਰਿਸਤਾਨ ਨੈੱਟਵਰਕ- ਹਾਲ ਹੀ ਵਿਚ IPL ਚੈਂਪੀਅਨ ਬਣਨ ਤੋਂ ਬਾਅਦ RCB ਵਲੋਂ ਬੰਗਲੌਰ ਵਿਚ ਜਸ਼ਨ ਮਨਾਏ ਜਾਣ ਦੌਰਾਨ 4 ਜੂਨ ਨੂੰ ਭਾਰੀ ਭਗਦੜ ਮਚ ਗਈ ਸੀ। ਇਸ ਘਟਨਾ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋਏ ਸਨ। ਸਟੇਡੀਅਮ ਅੰਦਰ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਜਦਕਿ ਇੰਨੇ ਲੋਕਾਂ ਦਾ ਇਕੱਠ ਹੋ ਗਿਆ ਕਿ ਭੀੜ ਬੇਕਾਬੂ ਹੋ ਗਈ ਤੇ ਭਗਦੜ ਮਚਣ ਕਾਰਣ ਕਈ ਲੋਕ ਮਾਰੇ ਗਏ।
ਕਰਨਾਟਕ ਸਰਕਾਰ ਨੇ ਹਾਈ ਕੋਰਟ ਨੂੰ ਸੌਂਪੀ ਰਿਪੋਰਟ
ਇਸ ਮਾਮਲੇ ਵਿੱਚ, ਕਰਨਾਟਕ ਸਰਕਾਰ ਨੇ ਹੁਣ ਹਾਈ ਕੋਰਟ ਨੂੰ ਇੱਕ ਵਿਸਤ੍ਰਿਤ ਰਿਪੋਰਟ ਸੌਂਪੀ ਹੈ। ਰਿਪੋਰਟ ਵਿੱਚ ਕਈ ਗੰਭੀਰ ਲਾਪਰਵਾਹੀਆਂ ਦਾ ਖੁਲਾਸਾ ਹੋਇਆ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪੂਰੀ ਘਟਨਾ ਵਿੱਚ ਆਰਸੀਬੀ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਦਾ ਨਾਂ ਵੀ ਆਇਆ ਹੈ।
ਵਿਰਾਟ ਕੋਹਲੀ ਦਾ ਵੀ ਨਾਂ ਆ ਰਿਹਾ ਸਾਹਮਣੇ
ਸਰਕਾਰੀ ਰਿਪੋਰਟ ਦੇ ਅਨੁਸਾਰ, ਡੀਐਨਏ ਨੈੱਟਵਰਕਸ ਪ੍ਰਾਈਵੇਟ ਲਿਮਟਿਡ ਨੇ 3 ਜੂਨ ਨੂੰ ਹੀ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਜ਼ਰੂਰੀ ਇਜਾਜ਼ਤ ਨਹੀਂ ਲਈ ਸੀ। ਇਸ ਲਈ, ਪੁਲਿਸ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ, ਆਰਸੀਬੀ ਨੇ ਅਚਾਨਕ 4 ਜੂਨ ਨੂੰ ਸੋਸ਼ਲ ਮੀਡੀਆ 'ਤੇ ਜਿੱਤ ਦੇ ਜਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ। ਵਿਰਾਟ ਕੋਹਲੀ ਨੇ ਇੱਕ ਵੀਡੀਓ ਵਿੱਚ ਪ੍ਰਸ਼ੰਸਕਾਂ ਨੂੰ ਇਸ ਜਸ਼ਨ ਵਿੱਚ ਮੁਫਤ ਆਉਣ ਲਈ ਕਿਹਾ। ਇਸ ਕਾਰਨ ਲੱਖਾਂ ਦੀ ਭੀੜ ਇਕੱਠੀ ਹੋ ਗਈ, ਜਿਸ ਨੂੰ ਸੰਭਾਲਣਾ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਲਈ ਮੁਸ਼ਕਲ ਹੋ ਗਿਆ ਤੇ ਇਹ ਵੱਡੀ ਘਟਨਾ ਵਾਪਰੀ।