ਪ੍ਰਾਈਵੇਟ ਏਅਰਲਾਈਨ ਇੰਡੀਗੋ ਦੇ ਇੱਕ ਪਾਇਲਟ ਨੇ ਬੰਬਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਉਡਾਣ ਦੌਰਾਨ ਕ੍ਰਿਪਾਨ ਲਿਜਾਣ ਦੀ ਇਜਾਜ਼ਤ ਮੰਗੀ ਹੈ। ਇਸ ਸਬੰਧੀ ਉਨ੍ਹਾਂ ਨੇ ਹਾਈਕੋਰਟ ਨੂੰ ਬੇਨਤੀ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾਣ।
ਪਾਇਲਟ ਅੰਗਦ ਸਿੰਘ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਤਹਿਤ ਉਸ ਨੂੰ ਧਾਰਮਿਕ ਆਜ਼ਾਦੀ ਹੈ ਅਤੇ ਇਸ ਲਈ ਉਸ ਨੂੰ ਆਪਣੇ ਨਾਲ ਕ੍ਰਿਪਾਨ ਰੱਖਣ ਦਾ ਅਧਿਕਾਰ ਹੈ। ਇਸ ਮਾਮਲੇ 'ਚ ਜਸਟਿਸ ਨਿਤਿਨ ਸਾਂਬਰੇ ਅਤੇ ਜਸਟਿਸ ਅਭੈ ਮੰਤਰੀ ਦੀ ਬੈਂਚ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਅਤੇ ਏਅਰਲਾਈਨ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜਨਵਰੀ 2024 ਨੂੰ ਤੈਅ ਕੀਤੀ ਗਈ।
ਕ੍ਰਿਪਾਨ ਦਾ ਮਹੱਤਵ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਲਈ 5 ਕੱਕਾਰ ਲਾਜ਼ਮੀ ਕੀਤੇ ਸਨ- ਕੇਸ਼, ਕੜਾ, ਕਿਰਪਾਨ, ਕੰਘਾ ਅਤੇ ਕਛਿਹਰਾ। ਕ੍ਰਿਪਾਨ ਦੋ ਸ਼ਬਦਾਂ, ਕ੍ਰਿਪਾ ਅਤੇ ਆਨ ਤੋਂ ਬਣੀ ਹੈ। ਜਿਸ ਦਾ ਅਰਥ ਕਿਰਪਾ ਕਰਨਾ ਹੈ, ਲੋਕਾਂ ਉੱਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣਾ। ਅਜਿਹੀ ਸਥਿਤੀ ਵਿੱਚ, ਕ੍ਰਿਪਾਨ ਨੂੰ ਉਨ੍ਹਾਂ ਦੀ ਰੱਖਿਆ ਲਈ ਇੱਕ ਬਹੁਤ ਹੀ ਖਾਸ ਸ਼ਸਤਰ ਮੰਨਿਆ ਜਾਂਦਾ ਹੈ।
2022 ਵਿੱਚ ਨਿਰਦੇਸ਼ ਜਾਰੀ ਕੀਤੇ ਗਏ ਸਨ
ਪਾਇਲਟ ਅੰਗਦ ਸਿੰਘ ਦੇ ਵਕੀਲ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਵਿੱਚ ਸੋਧ ਕਰਨ ਦੀ ਲੋੜ ਹੈ। ਕਿਉਂਕਿ 12 ਮਾਰਚ 2022 ਨੂੰ ਸਰਕਾਰ ਨੇ ਸਿੱਖ ਯਾਤਰੀਆਂ ਨੂੰ ਵਿਸ਼ੇਸ਼ ਅਕਾਰ ਦੀ ਕਿਰਪਾਨ ਰੱਖਣ ਦੀ ਇਜਾਜ਼ਤ ਦਿੱਤੀ ਸੀ। ਮੌਜੂਦਾ ਸਮੇਂ ਵਿੱਚ ਹਵਾਈ ਅੱਡਿਆਂ ਜਾਂ ਏਅਰਲਾਈਨਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਪਟੀਸ਼ਨ 'ਚ ਅੰਗਦ ਨੇ ਦਾਅਵਾ ਕੀਤਾ ਹੈ ਕਿ ਇਹ ਨਿਯਮ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।