ਕਪੂਰਥਲਾ 'ਚ ਚੋਰੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬਾਈਕ ਸਵਾਰ ਨਕਾਬਪੋਸ਼ ਚੋਰਾਂ ਨੇ ਵੱਖ-ਵੱਖ ਥਾਵਾਂ 'ਤੇ ਇੱਕ ਹੀ ਰਾਤ 'ਚ ਕਰੀਬ ਪੰਜ ਦੁਕਾਨਾਂ 'ਚੋਂ ਚੋਰੀ ਕੀਤੀ। ਹਾਲਾਂਕਿ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਚੋਰੀ ਦੀਆਂ ਵਾਰਦਾਤਾਂ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਿਸ ਨੇ ਸਾਰੀਆਂ ਦੁਕਾਨਾਂ 'ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋ ਬਾਈਕ ਸਵਾਰ ਨਕਾਬਪੋਸ਼ ਚੋਰਾਂ ਨੇ ਇਸ ਵਾਰਦਾਤ ਨੂੰ ਦਿੱਤਾ ਅੰਜਾਮ
ਮਾਰਕਫੈੱਡ ਚੌਕ ਨੇੜੇ ਅੱਧੀ ਰਾਤ ਨੂੰ ਬਾਈਕ ਸਵਾਰ ਦੋ ਨਕਾਬਪੋਸ਼ ਚੋਰਾਂ ਨੇ ਲੋਹੇ ਦੀ ਰਾਡ ਦੀ ਮਦਦ ਨਾਲ ਹੈਪੀ ਬੇਕਰੀ ਦਾ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਕਦੀ ਚੋਰੀ ਕਰ ਲਈ। ਬੇਕਰੀ ਮਾਲਕ ਅਮਨਦੀਪ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 10 ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਬੇਕਰੀ ਬੰਦ ਕਰਕੇ ਚਲਾ ਗਿਆ ਸੀ। ਪਰ ਜਦੋਂ ਅਸੀਂ ਸਵੇਰੇ 6 ਵਜੇ ਦੇ ਕਰੀਬ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਕਿਸੇ ਨੇ ਦੁਕਾਨ ਦਾ ਮੇਨ ਸ਼ਟਰ ਤੋੜਿਆ ਹੋਇਆ ਸੀ |
ਨਕਦੀ ਸਮੇਤ ਕਾਜੂ ਅਤੇ ਪਿਸਤਾ ਵੀ ਕੀਤੇ ਚੋਰੀ
ਘਟਨਾ ਤੋਂ ਬਾਅਦ ਜਦੋਂ ਸੀਸੀਟੀਵੀ ਦੀ ਜਾਂਚ ਕੀਤੀ ਗਈ ਤਾਂ ਅੰਦਰ ਇੱਕ ਚੋਰ ਗੱਲੇ 'ਚ ਪਏ ਪੈਸੇ ਚੋਰੀ ਕਰਦਾ ਪਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਚੋਰਾਂ ਨੇ ਗੱਲੇ 'ਚ ਪਏ ਕਰੀਬ 15 ਹਜ਼ਾਰ ਰੁਪਏ ਦੇ ਸਿੱਕੇ ਅਤੇ ਹੋਰ ਰੁਪਏ ਚੋਰੀ ਕਰ ਲਏ। ਦੂਜੇ ਪਾਸੇ ਅੰਮ੍ਰਿਤਸਰ ਰੋਡ ’ਤੇ ਸਥਿਤ ਮੈਸਰਜ਼ ਕਾਲਾ ਸਿੰਘ ਕੁਲਜੀਤ ਸਿੰਘ ਕਰਿਆਨੇ ਦੀ ਦੁਕਾਨ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਗਈ | ਕਰਿਆਨਾ ਸਟੋਰ ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਕਰੀਬ ਸਵਾ ਲੱਖ ਦੀ ਨਗਦੀ ਅਤੇ ਕਾਜੂ, ਪਿਸਤਾ, ਬਦਾਮ ਅਤੇ ਐਨਰਜੀ ਡਰਿੰਕਸ ਦੇ ਡੱਬੇ ਚੋਰੀ ਕਰ ਲਏ ਹਨ। ਇਹ ਘਟਨਾ ਸਟੋਰ 'ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਰੋਡ ’ਤੇ ਸਥਿਤ ਸਲਵਾਨ ਪੇਂਟ ਸਟੋਰ ਅਤੇ ਸੂਰਿਆ ਪਲਾਈ ਸ਼ਾਪ ਦੇ ਮਾਲਕ ਧੀਰੇਨ ਸਲਵਾਨ ਨੇ ਦੱਸਿਆ ਕਿ ਚੋਰਾਂ ਨੇ ਉਸ ਦੀਆਂ ਦੋਵੇਂ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਹੈ , ਹਜ਼ਾਰਾਂ ਰੁਪਏ ਦਾ ਸਾਮਾਨ ਵੀ ਚੋਰੀ ਹੋਇਆ ਹੈ । ਇਸ ਤੋਂ ਇਲਾਵਾ ਸੁਲਤਾਨਪੁਰ ਰੋਡ 'ਤੇ ਸਥਿਤ ਇਕ ਸਰੀਏ ਦੀ ਦੁਕਾਨ 'ਚੋਂ ਵੀ ਚੋਰਾਂ ਨੇ ਹਜ਼ਾਰਾਂ ਰੁਪਏ ਚੋਰੀ ਕਰ ਲਏ |
ਜਾਂਚ 'ਚ ਜੁਟੀ ਪੁਲਿਸ
ਪੰਜ ਦੁਕਾਨਾਂ 'ਚ ਚੋਰੀ ਹੋਣ ਕਾਰਨ ਕਪੂਰਥਲਾ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਸਾਰੀਆਂ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਸੀਸੀਟੀਵੀ ਦੇ ਆਧਾਰ 'ਤੇ ਚੋਰਾਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਐਸਐਚਓ ਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਪੁਲਸ ਟੀਮਾਂ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਚੋਰਾਂ ਦੀ ਪਛਾਣ ਕਰਕੇ ਕਾਬੂ ਕਰ ਲਿਆ ਜਾਵੇਗਾ।