ਹਾਲ ਹੀ 'ਚ ਗ੍ਰਿਫਤਾਰ ਕੀਤੇ ਗਏ ਤਿੰਨ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨਾਂ ਨੇ ਬੁੱਧਵਾਰ ਨੂੰ ਪਟਿਆਲਾ ਜ਼ਿਲੇ ਦੇ ਸ਼ੰਭੂ ਬਾਰਡਰ 'ਤੇ ਰੇਲਵੇ ਟਰੈਕ ਜਾਮ ਕਰ ਦਿੱਤਾ। ਜਿਸ ਕਾਰਨ ਅੱਜ ਵੰਦੇ ਭਾਰਤ ਸਮੇਤ 30 ਟਰੇਨਾਂ ਪ੍ਰਭਾਵਿਤ ਹੋਈਆਂ ਹਨ ਜਦਕਿ ਸ਼ਤਾਬਦੀ ਐਕਸਪ੍ਰੈਸ ਦੇਰੀ ਨਾਲ ਚੱਲ ਰਹੀ ਹੈ। ਜਿੱਥੇ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ, ਉਥੇ ਹੀ ਸ਼ਾਨ-ਏ-ਪੰਜਾਬ ਟਰੇਨ ਨੂੰ ਰੱਦ ਕਰ ਦਿੱਤਾ ਗਿਆ ਹੈ।
ਲੁਧਿਆਣਾ ਤੋਂ ਅੰਬਾਲਾ ਵੱਲ ਜਾਣ ਵਾਲੀਆਂ ਟਰੇਨਾਂ ਨੂੰ ਸਾਹਨੇਵਾਲ-ਚੰਡੀਗੜ੍ਹ-ਅੰਬਾਲਾ ਮਾਰਗ 'ਤੇ ਚੱਲਣ ਲਈ ਮੋੜਨਾ ਪਿਆ। ਇਸ ਤੋਂ ਇਲਾਵਾ ਕੁਝ ਰੇਲ ਗੱਡੀਆਂ ਲੁਧਿਆਣਾ-ਗਿੱਲ-ਧੂਰੀ-ਜਾਖਲ ਰੂਟ ਤੋਂ ਚਲਾਈਆਂ ਗਈਆਂ। ਜਦੋਂਕਿ ਵੰਦੇ ਭਾਰਤ ਨੂੰ ਜੀਂਦ ਰਾਹੀਂ ਦਿੱਲੀ-ਲੁਧਿਆਣਾ ਭੇਜਿਆ ਜਾ ਰਿਹਾ ਹੈ। ਰਸਤੇ ਵੀ ਮੋੜ ਦਿੱਤੇ ਗਏ ਹਨ। ਅੰਬਾਲਾ ਦੀ ਬਜਾਏ ਜੀਂਦ ਰਾਹੀਂ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਮੰਗਲਵਾਰ ਦੇਰ ਰਾਤ ਤੱਕ ਨਵਦੀਪ ਸਿੰਘ, ਅਨੀਸ਼ ਖਟਕੜ, ਗੁਰਕੀਰਤ ਸਿੰਘ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਬੁੱਧਵਾਰ ਨੂੰ ਸ਼ੰਭੂ ਸਰਹੱਦ 'ਤੇ ਰੇਲਵੇ ਟਰੈਕ ਜਾਮ ਕਰ ਦੇਣਗੇ। ਅਨੀਸ਼ ਖਟਕੜ 28 ਦਿਨਾਂ ਤੋਂ ਜੇਲ੍ਹ 'ਚ ਭੁੱਖ ਹੜਤਾਲ 'ਤੇ ਹਨ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜੇਕਰ ਉਨ੍ਹਾਂ ਦੀ ਸਿਹਤ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ ਦੀ ਹੋਵੇਗੀ।