ਪੰਜਾਬ ਵਿੱਚ ਅਗਸਤ ਮਹੀਨੇ ਵਿੱਚ ਮੌਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਸੀ। ਇਸ ਦੇ ਬਾਵਜੂਦ ਸੂਬੇ ਵਿੱਚ 29 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਦੇ 9 ਜ਼ਿਲ੍ਹੇ ਅਜਿਹੇ ਹਨ ਜਿੱਥੇ ਮੀਂਹ ਦੀ ਇੱਕ ਬੂੰਦ ਵੀ ਨਹੀਂ ਪਈ। ਪਹਿਲੇ ਹਫ਼ਤੇ ਵਿੱਚ 3 ਦਿਨਾਂ ਦੇ ਭਾਰੀ ਅਲਰਟ ਦੇ ਬਾਵਜੂਦ, ਕੁਝ ਹੀ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਪੰਜਾਬ ਵਿੱਚ ਇਨ੍ਹਾਂ ਦਿਨਾਂ ਦੌਰਾਨ ਔਸਤਨ 46.1 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਹੁਣ ਤੱਕ ਪਹਿਲੇ ਸੱਤ ਦਿਨਾਂ ਵਿੱਚ ਸਿਰਫ਼ 32.9 ਮਿਲੀਮੀਟਰ ਮੀਂਹ ਹੀ ਪਿਆ ਹੈ।
ਪੰਜਾਬ ਵਿੱਚ ਅੱਜ ਅਤੇ ਸ਼ੁੱਕਰਵਾਰ ਨੂੰ ਮੀਂਹ ਦਾ ਅਲਰਟ ਨਹੀਂ ਹੈ ਪਰ 10 ਅਗਸਤ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪਰ ਮੀਂਹ ਦੀ ਸੰਭਾਵਨਾ ਸਿਰਫ਼ 5 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਤੱਕ ਸੀਮਤ ਹੈ। ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਰਹਿਣ ਵਾਲੀ ਹੈ।
ਹਿਮਾਚਲ 'ਚ ਬੱਦਲ ਫਟਿਆ, 45 ਲੋਕ ਰੁੜੇ
ਹਿਮਾਚਲ ਪ੍ਰਦੇਸ਼ 'ਚ ਬੁੱਧਵਾਰ ਰਾਤ ਸਮੇਜ-ਬਾਗੀ ਪੁਲ ਨੇੜੇ ਬੱਦਲ ਫਟਣ ਕਾਰਨ 45 ਲੋਕ ਰੁੜ੍ਹ ਗਏ। ਜਾਣਕਾਰੀ ਦਿੰਦੇ ਹੋਏ NDRF ਨੇ ਦੱਸਿਆ ਕਿ ਵੀਰਵਾਰ ਸਵੇਰ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਬਚਾਅ ਕਾਰਜ ਜਾਰੀ ਹੈ। ਇਸ ਤੋਂ ਪਹਿਲਾਂ 1 ਅਗਸਤ ਦੀ ਰਾਤ ਨੂੰ ਬੱਦਲ ਫਟਿਆ ਸੀ। ਇਸ 'ਚ 36 ਲੋਕ ਲਾਪਤਾ ਹੋ ਗਏ ਸਨ। ਜਦਕਿ ਤਿੰਨ ਲੋਕਾਂ ਦੀਆਂ ਲਾਸ਼ਾਂ ਸੁੰਨੀ ਡੈਮ ਤੋਂ ਬਰਾਮਦ ਹੋਈਆਂ ਹਨ। 33 ਲੋਕ ਅਜੇ ਵੀ ਲਾਪਤਾ ਹਨ।
ਬਿਹਾਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 8 ਲੋਕਾਂ ਦੀ ਹੋਈ ਮੌਤ
ਬਿਹਾਰ ਵਿੱਚ ਗੰਗਾ, ਗੰਡਕ, ਬਾਗਮਤੀ ਅਤੇ ਕੋਸੀ ਨਦੀਆਂ ਲਾਲ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਸ ਦੇ ਨਾਲ ਹੀ ਆਰਾਹ 'ਚ ਗੰਗਾ ਦਾ ਪਾਣੀ ਸੜਕ 'ਤੇ ਆ ਗਿਆ ਹੈ। ਸੂਬੇ 'ਚ ਬੁੱਧਵਾਰ ਨੂੰ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ।
ਹਰਿਆਣਾ ਦੇ 5 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ
ਮਾਨਸੂਨ 4 ਦਿਨਾਂ ਬਾਅਦ ਹਰਿਆਣਾ ਵਿੱਚ ਵਾਪਸ ਆ ਗਿਆ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਸੂਬੇ ਦੇ 5 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਯਮੁਨਾਨਗਰ, ਮਹਿੰਦਰਗੜ੍ਹ, ਰੇਵਾੜੀ, ਮੇਵਾਤ ਅਤੇ ਪਲਵਲ ਸ਼ਾਮਲ ਹਨ।