ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਕਾਰਨ ਜਲੰਧਰ ਸ਼ਹਿਰ ਦੇ ਕਈ ਬਾਜ਼ਾਰ ਕੁਝ ਦਿਨਾਂ ਲਈ ਬੰਦ ਰੱਖੇ ਜਾ ਰਹੇ ਹਨ। ਇਸ ਸਬੰਧ ਵਿੱਚ ਵੱਖ-ਵੱਖ ਦੁਕਾਨਾਂ ਵੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ 'ਚ ਕਈ ਅਹਿਮ ਬਾਜ਼ਾਰ ਬੰਦ ਰਹਿਣ ਦੀ ਖਬਰ ਹੈ। ਇਸ ਸਬੰਧ ਵਿੱਚ ਦਵਾਈਆਂ ਦੀਆਂ ਦੁਕਾਨਾਂ ਵਿੱਚ ਵੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਕਾਰਨ ਹੋਲ ਸੇਲ ਦਵਾਈਆਂ ਦੀਆਂ ਦੁਕਾਨਾਂ 4 ਦਿਨ ਬੰਦ ਰਹਿਣਗੀਆਂ।
ਜਾਣਕਾਰੀ ਮੁਤਾਬਕ ਹੋਲਸੇਲ ਕੈਮਿਸਟ ਆਰਗੇਨਾਈਜੇਸ਼ਨ (ਡਬਲਿਊ.ਸੀ.ਓ.) ਦੇ ਚੇਅਰਮੈਨ ਰਿਸ਼ੂ ਵਰਮਾ ਅਤੇ ਪ੍ਰਧਾਨ ਨਿਸ਼ਾਂਤ ਚੋਪੜਾ ਨੇ ਦੱਸਿਆ ਕਿ ਹੋਲਸੇਲ ਦਵਾਈਆਂ ਦੀਆਂ ਦੁਕਾਨਾਂ 20 ਤੋਂ 23 ਜੂਨ ਤੱਕ ਬੰਦ ਰਹਿਣਗੀਆਂ। ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਲੋੜੀਂਦਾ ਸਮਾਨ ਅਗਾਊਂ ਹੀ ਖਰੀਦ ਲੈਣ ਤਾਂ ਜੋ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਹੀਟ ਵੇਵ ਅਲਰਟ
ਦੱਸ ਦੇਈਏ ਕਿ ਇਸ ਸਮੇਂ ਦੇਸ਼ 'ਚ ਅੱਤ ਦੀ ਗਰਮੀ ਪੈ ਰਹੀ ਹੈ। ਸਵੇਰ ਹੋਵੇ ਜਾਂ ਰਾਤ, ਹਰ ਸਮੇਂ ਗਰਮੀ ਕਾਰਨ ਸਥਿਤੀ ਬਦਤਰ ਬਣੀ ਰਹਿੰਦੀ ਹੈ। ਉੱਤਰੀ ਭਾਰਤ ਵਿੱਚ ਗਰਮੀ ਦੀ ਲਹਿਰ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ 'ਚ ਪੈ ਰਹੀ ਕਹਿਰ ਦੀ ਗਰਮੀ ਕਾਰਨ ਮੌਸਮ ਵਿਭਾਗ ਨੇ ਅੱਜ 13 ਜ਼ਿਲਿਆਂ 'ਚ ਔਰੇਂਜ ਹੀਟ ਵੇਵ ਅਲਰਟ ਅਤੇ 10 ਜ਼ਿਲਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਹੈ।
ਚੰਡੀਗੜ੍ਹ ਵਿੱਚ ਤਾਪਮਾਨ 46.9 ਡਿਗਰੀ ਤੋਂ ਪਾਰ
30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ। ਦੱਸ ਦੇਈਏ ਕਿ ਅੱਜ ਚੰਡੀਗੜ੍ਹ ਵਿੱਚ 46.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।
ਆਮ ਤਾਪਮਾਨ ਤੋਂ 6 ਤੋਂ 8 ਡਿਗਰੀ ਵੱਧ
ਇਸ ਵਾਰ ਤਾਪਮਾਨ ਆਮ ਨਾਲੋਂ 6 ਤੋਂ 8 ਡਿਗਰੀ ਵੱਧ ਹੈ। ਉੱਤਰੀ ਭਾਰਤ 'ਚ ਲੂ ਦਾ ਕਹਿਰ ਜਾਰੀ ਹੈ ਅਤੇ ਕਈ ਜ਼ਿਲਿਆਂ 'ਚ ਕਰੀਬ ਡੇਢ ਮਹੀਨੇ ਤੋਂ ਤਾਪਮਾਨ 45 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ।