ਜਲੰਧਰ 'ਚ ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੇ ਰਾਜਾ ਗਾਰਡਨ ਦਾ ਹੈ, ਜਿਥੇ ਸਥਿਤ ਇਕ ਸਪੋਰਟਸ ਕਾਰੋਬਾਰੀ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਦੱਸ ਦੇਈਏ ਕਿ ਸੋਮਵਾਰ ਦੁਪਹਿਰ ਦੋ ਚੋਰ ਕਰੀਬ 10 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਚੋਰੀ ਦੀ ਸ਼ਿਕਾਇਤ ਥਾਣਾ-7 ਦੀ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰ ਵਿਚ ਕੋਈ ਨਹੀਂ ਸੀ
ਕਾਰੋਬਾਰੀ ਪੁਣਯਾਤਮ ਕੋਹਲੀ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਗਿਆ ਸੀ ਅਤੇ ਉਸ ਦੀ ਬੇਟੀ ਦੁਪਹਿਰ ਨੂੰ ਟਿਊਸ਼ਨ ਲਈ ਗਈ ਸੀ, ਜਿਸ ਤੋਂ ਬਾਅਦ ਪਤਨੀ ਵੀ ਆਪਣੀ ਮਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਗਈ ਹੋਈ ਸੀ। ਇਸ ਦੌਰਾਨ ਉਸ ਦਾ ਘਰ ਦੁਪਹਿਰ 2:30 ਤੋਂ ਸ਼ਾਮ 5 ਵਜੇ ਤੱਕ ਬੰਦ ਰਿਹਾ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਦੋਂ ਮੈਂ ਕਮਰੇ 'ਚ ਗਿਆ ਤਾਂ ਦੇਖਿਆ ਕਿ ਪਿੱਛੇ ਸਟੋਰ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ। ਕਮਰੇ ਵਿੱਚ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਖੁੱਲ੍ਹੀ ਪਈ ਸੀ।
ਚੋਰ ਕੰਧ ਟੱਪ ਕੇ ਘਰ 'ਚ ਦਾਖਲ ਹੋਏ
ਕਾਰੋਬਾਰੀ ਕੋਹਲੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਦੁਪਹਿਰ 3:59 ਵਜੇ ਦੇ ਕਰੀਬ ਦੋ ਚੋਰ ਪਲਾਟ ਵਿੱਚ ਖੜ੍ਹੇ ਦੇਖੇ ਗਏ। ਇਸ ਤੋਂ ਬਾਅਦ ਉਹ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ। ਉਨ੍ਹਾਂ ਸਟੋਰ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਗਹਿਣਿਆਂ ਦੀ ਕੀਮਤ 10 ਲੱਖ ਰੁਪਏ
ਅਲਮਾਰੀ ਵਿੱਚ ਪਏ ਉਸ ਦੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਗਾਇਬ ਸਨ। ਗਹਿਣਿਆਂ ਦੀ ਕੀਮਤ ਕਰੀਬ 10 ਲੱਖ ਰੁਪਏ ਸੀ। ਦੂਜੇ ਪਾਸੇ ਜਦੋਂ ਥਾਣਾ-7 ਦੀ ਐਸਐਚਓ ਅਨੂ ਪਾਲਿਆਲ ਨੂੰ ਕੇਸ ਦਰਜ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ ’ਤੇ ਹਨ ਅਤੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਮੰਗਲਵਾਰ ਦੁਪਹਿਰ ਨੂੰ ਪੰਜਾਬ ਸਪੋਰਟਸ ਇੰਡਸਟਰੀ ਐਸੋਸੀਏਸ਼ਨ ਦੇ ਕਨਵੀਨਰ ਵਿਜੇ ਧੀਰ, ਕੋ-ਕਨਵੀਨਰ ਪ੍ਰਵੀਨ ਆਨੰਦ, ਸ਼ਿਆਮ ਸੁੰਦਰ ਮਹਾਜਨ, ਪ੍ਰੇਮ ਉੱਪਲ, ਲਲਿਤ ਸਾਹਨੀ, ਵਿਪਨ ਪਰਿੰਜਾ ਨੇ ਮੌਕੇ ਦਾ ਜਾਇਜ਼ਾ ਲਿਆ।