ਜਲੰਧਰ 'ਚ ਚੋਰਾਂ-ਲੁਟੇਰਿਆਂ ਦਾ ਖੌਫ ਇੰਨਾ ਵਧ ਗਿਆ ਹੈ ਕਿ ਚੋਰ ਭਗਵਾਨ ਦੇ ਘਰ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਜ਼ਰਾ ਵੀ ਨਹੀਂ ਝਿਜਕਦੇ। ਤਾਜ਼ਾ ਮਾਮਲਾ ਘਾਹ ਮੰਡੀ ਤੋਂ ਸਾਹਮਣੇ ਆਇਆ ਹੈ, ਜਿਥੇ ਚੋਰਾਂ ਨੇ ਸ਼ਿਵ ਮੰਦਰ ਨੂੰ ਨਿਸ਼ਾਨਾ ਬਣਾਇਆ ਹੈ। ਦੇਰ ਰਾਤ ਚੋਰ ਮੰਦਰ ਦੀਆਂ ਚਾਰ ਗੋਲਕਾਂ 'ਚੋਂ ਪੈਸੇ ਲੈ ਕੇ ਫਰਾਰ ਹੋ ਗਏ। ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੀਲੀ ਕਮੀਜ਼ ਪਹਿਨਿਆ ਚੋਰ ਮੂੰਹ ਢੱਕ ਕੇ ਰੱਸੀ ਦੀ ਮਦਦ ਨਾਲ ਸ਼ਿਵਲਿੰਗ ਦੇ ਨੇੜੇ ਪਹੁੰਚਦਾ ਹੈ।
ਘਟਨਾ ਰਾਤ 12 ਵਜੇ ਦੀ
ਇਸ ਦੌਰਾਨ ਚੋਰ ਆਪਣੇ ਦੂਜੇ ਸਾਥੀ ਨਾਲ ਇਸ਼ਾਰਿਆਂ ਰਾਹੀਂ ਗੱਲ ਕਰ ਰਿਹਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਤੀ ਨੇ ਦੱਸਿਆ ਕਿ ਘਟਨਾ ਦੇਰ ਰਾਤ 12 ਵਜੇ ਦੀ ਹੈ। ਔਰਤ ਨੇ ਦੱਸਿਆ ਕਿ ਚੋਰ ਇੰਨੇ ਚਲਾਕ ਸਨ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਮੰਦਰ ਦੇ ਚਾਰੇ ਦਰਵਾਜ਼ੇ ਬੰਦ ਕਰ ਕੇ ਕੁੰਡੀ ਲਗਾ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗੋਲਕਾਂ ਨੂੰ ਚਾਦਰਾਂ ਨਾਲ ਬੰਨ੍ਹ ਕੇ ਉਸ ਨੂੰ ਖਿੱਚ ਲਿਆ ਅਤੇ ਉਸ ਤੋਂ ਪੈਸੇ ਕੱਢ ਕੇ ਫਰਾਰ ਹੋ ਗਏ।
ਪੁਲਸ ਜਾਂਚ ਕਰ ਰਹੀ
ਜੋਤੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਔਰਤ ਦਾ ਕਹਿਣਾ ਹੈ ਕਿ ਪੁਲਸ ਮੌਕੇ 'ਤੇ ਪਹੁੰਚੀ ਅਤੇ ਲੋਕਾਂ ਤੋਂ ਚੋਰ ਦੀ ਪਛਾਣ ਕਰਨ ਲਈ ਕਹਿਣ ਲੱਗੀ। ਔਰਤ ਦਾ ਕਹਿਣਾ ਹੈ ਕਿ ਜੇਕਰ ਇੱਥੋਂ ਦੇ ਲੋਕਾਂ ਨੂੰ ਚੋਰਾਂ ਬਾਰੇ ਪਤਾ ਹੁੰਦਾ ਤਾਂ ਉਹ ਪੁਲਸ ਨੂੰ ਸੂਚਨਾ ਕਿਉਂ ਦਿੰਦੇ, ਉਹ ਖੁਦ ਚੋਰਾਂ ਨੂੰ ਕਾਬੂ ਕਰ ਲੈਂਦੇ।
ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਪੁਲਸ ਚੌਕੀ ਹੈ ਪਰ ਫਿਰ ਵੀ ਬੇਖੌਫ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।