ਰਾਜਸਥਾਨ ਦੇ ਚੁਰੂ 'ਚ ਦੇਰ ਰਾਤ ਹੋਏ ਭਿਆਨਕ ਹਾਦਸੇ 'ਚ ਸਕਾਰਪੀਓ 'ਚ ਸਵਾਰ 5 'ਚੋਂ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੰਜੇ ਲੋਕ ਖਾਟੂ ਸ਼ਿਆਮ ਜੀ ਦੇ ਦਰਸ਼ਨ ਲਈ ਜਾ ਰਹੇ ਸਨ। ਤੇਜ਼ ਰਫਤਾਰ ਸਕਾਰਪੀਓ ਨੇ ਅੱਗੇ ਜਾ ਰਹੇ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਡਰਾਈਵਰ ਅਤੇ ਉਸ ਦੇ ਨਾਲ ਬੈਠਾ ਵਿਅਕਤੀ ਬੁਰੀ ਤਰ੍ਹਾਂ ਅੰਦਰ ਫਸ ਗਏ। ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਇਸ ਹਾਦਸੇ 'ਚ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਚੁਰੂ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੌਰਚਰੀ 'ਚ ਰਖਵਾ ਦਿੱਤਾ ।
ਸਿਰਸਾ ਵਾਸੀ ਕੈਲਾਸ਼ (30) ਤੇ ਪ੍ਰਦੀਪ ਨੇ ਦੱਸਿਆ ਕਿ ਕੈਥਲ ਦਾ ਰਹਿਣ ਵਾਲਾ ਸੋਨੂੰ ਉਸ ਨੂੰ ਆਪਣੇ ਨਾਲ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਲੈ ਕੇ ਜਾ ਰਿਹਾ ਸੀ। ਹਾਦਸਾ ਕਿਵੇਂ ਹੋਇਆ? ਇਸ ਬਾਰੇ ਪਤਾ ਵੀ ਨਹੀਂ ਸੀ। ਜਦੋਂ ਹੋਸ਼ ਆਇਆ ਤਾਂ ਪਤਾ ਲੱਗਾ ਕਿ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਸੋਨੂੰ (35) ਵਾਸੀ ਕੈਥਲ, ਹਰਿਆਣਾ, ਸ਼ਿਆਮ ਬਾਬੂ (19), ਸਾਹਿਲ (18) ਵਾਸੀ ਸਿਰਸਾ ਵਜੋਂ ਹੋਈ ਹੈ। ਮ੍ਰਿਤਕ ਸੋਨੂੰ ਸਕਾਰਪੀਓ ਕਾਰ ਚਲਾ ਰਿਹਾ ਸੀ।
ਐਸਐਚਓ ਕਰਤਾਰ ਸਿੰਘ ਨੇ ਦੱਸਿਆ ਕਿ ਸਕਾਰਪੀਓ ਗੱਡੀ ਪਿੱਛੇ ਤੋਂ ਆ ਰਹੇ ਟਰੱਕ ਵਿੱਚ ਜਾ ਵਜੀ। ਇਸ ਕਾਰਨ ਸਕਾਰਪੀਓ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਨਿੱਜੀ ਵਾਹਨ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਉਨ੍ਹਾਂ ਦੇ ਆਉਣ 'ਤੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।