ਸੰਯੁਕਤ ਕਿਸਾਨ ਮੋਰਚਾ (SKM) ਨੇ ਅਗਲੇ ਕੁਝ ਦਿਨਾਂ ਲਈ ਪੰਜਾਬ ਵਿੱਚ ਵੀ ਟੋਲ ਪਲਾਜ਼ਿਆਂ ਨੂੰ ਫ੍ਰੀ ਕਰਨ ਦਾ ਐਲਾਨ ਕੀਤਾ ਹੈ। SKM ਨੇ ਕਿਹਾ ਕਿ 20, 21 ਅਤੇ 22 ਫਰਵਰੀ ਨੂੰ ਰਾਜ ਭਰ ਵਿੱਚ ਟੋਲ ਪਲਾਜ਼ੇ ਮੁਫ਼ਤ ਰਹਿਣਗੇ। ਇਸ ਦੇ ਨਾਲ ਹੀ ਪੰਜਾਬ ਵਿੱਚ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ।
ਲੁਧਿਆਣਾ ਮੀਟਿੰਗ 'ਚ ਲਿਆ ਗਿਆ ਫੈਸਲਾ
ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਅੱਜ ਲੁਧਿਆਣਾ ਵਿਖੇ SKM ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਿਸਾਨਾਂ ਦੀਆਂ 37 ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ ਹੀ ਪੰਜਾਬ ਦੇ ਟੋਲ ਪਲਾਜ਼ੇ 22 ਫਰਵਰੀ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ।
ਪਹਿਲੇ ਦੋ ਦਿਨ ਟੋਲ ਫ੍ਰੀ ਕਰਨ ਦਾ ਕੀਤਾ ਗਿਆ ਸੀ ਐਲਾਨ
ਇਸ ਤੋਂ ਪਹਿਲਾਂ SKM ਨੇ 17 ਤੇ 18 ਫਰਵਰੀ ਨੂੰ ਪੰਜਾਬ ਵਿੱਚ ਟੋਲ ਪਲਾਜ਼ਿਆਂ ਨੂੰ ਫ੍ਰੀ ਕਰਨ ਦਾ ਐਲਾਨ ਕੀਤਾ ਸੀ। ਕਿਸਾਨ ਯੂਨੀਅਨ ਨੇ ਕਿਹਾ ਕਿ ਸ਼ੰਭੂ ਬਾਰਡਰ ’ਤੇ ਕਿਸਾਨਾਂ ਨਾਲ ਪੁਲਿਸ ਸਹੀ ਵਿਵਹਾਰ ਨਹੀਂ ਕਰ ਰਹੀ। ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਇਸ ਦੇ ਵਿਰੋਧ ਵਿੱਚ ਹੀ ਇਹ ਫੈਸਲਾ ਲਿਆ ਗਿਆ ਹੈ।
ਅੱਜ ਸ਼ਾਮ ਨੂੰ ਹੋਵੇਗੀ ਮੀਟਿੰਗ
ਦੱਸ ਦੇਈਏ ਕਿ ਅੱਜ ਸ਼ਾਮ 5 ਵਜੇ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਣੀ ਹੈ। ਪਿਛਲੀਆਂ ਮੀਟਿੰਗਾਂ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੋਇਆ। ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਸਿਰਫ਼ ਕਿਸਾਨਾਂ ਨੂੰ ਲਾਰੇ ਲਗਾ ਰਹੀ ਹੈ।