ਪੰਜਾਬ 'ਚ ਟ੍ਰੈਫਿਕ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ ਅਤੇ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਮੌਕੇ 'ਤੇ ਹੀ ਈ-ਚਲਾਨ ਜਾਰੀ ਕੀਤੇ ਜਾ ਰਹੇ ਹਨ। ਪੰਜਾਬ ਪੁਲਿਸ ਟ੍ਰੈਫਿਕ ਨਿਯਮਾਂ ਬਾਰੇ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਇਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਪੰਜਾਬ ਪੁਲਿਸ ਦੇ ਨਵੇਂ ਹੁਕਮਾਂ ਅਨੁਸਾਰ ਜੇਕਰ ਕੋਈ ਨਾਬਾਲਗ ਬੱਚਾ 2-ਵ੍ਹੀਲਰ ਜਾਂ 4-ਵ੍ਹੀਲਰ ਚਲਾਉਂਦਾ ਫੜਿਆ ਗਿਆ ਤਾਂ ਬੱਚੇ ਦੇ ਮਾਪਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਿਸ ਵਿੱਚ 3 ਸਾਲ ਦੀ ਸਜ਼ਾ ਜਾਂ 25 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ।

ਕਾਰ ਦੇ ਸਨਰੂਫ ਤੋਂ ਬੱਚੇ ਨੂੰ ਬਾਹਰ ਕੱਢਣ 'ਤੇ ਵੀ ਜੁਰਮਾਨਾ
ਪੰਜਾਬ 'ਚ ਬੀਤੇ ਦਿਨ ਬੱਚਿਆਂ ਨੂੰ ਮਹਿੰਗੇ ਗੱਡੀਆਂ ਦੇ ਸਨਰੂਫ 'ਚੋਂ ਬਾਹਰ ਕੱਢਣ 'ਤੇ ਜੁਰਮਾਨਾ ਲਗਾਉਣ ਦਾ ਆਦੇਸ਼ ਵੀ ਜਾਰੀ ਕੀਤਾ ਗਿਆ ਸੀ। ਦਰਅਸਲ, ਕਈ ਮਾਪੇ ਸਨਰੂਫ ਖੋਲ੍ਹ ਕੇ ਆਪਣੇ ਬੱਚਿਆਂ ਨੂੰ ਬਾਹਰ ਕੱਢਦੇ ਹਨ, ਹੁਣ ਇਸ 'ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।
ਕਿਉਂਕਿ ਕਈ ਵਾਰ ਵਾਹਨ ਦੀ ਤੇਜ਼ ਰਫ਼ਤਾਰ ਜਾਂ ਬੱਚਿਆਂ ਵੱਲੋਂ ਕੀਤੇ ਸ਼ੋਰ ਕਾਰਨ ਹੋਰ ਵਾਹਨ ਚਾਲਕਾਂ ਦਾ ਧਿਆਨ ਭਟਕ ਜਾਂਦਾ ਹੈ ਅਤੇ ਹਾਦਸਾ ਵਾਪਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਇਹ ਨਵਾਂ ਨਿਯਮ ਲਾਗੂ ਕੀਤਾ ਗਿਆ।
ਹਰ ਦਿਨ ਹੋ ਰਹੀ ਵਾਹਨਾਂ ਦੀ ਚੈਕਿੰਗ
ਦੱਸ ਦੇਈਏ ਕਿ ਪੰਜਾਬ 'ਚ ਹਾਦਸਿਆਂ ਨੂੰ ਘੱਟ ਕਰਨ ਲਈ ਟ੍ਰੈਫਿਕ ਪੁਲਸ ਲਗਾਤਾਰ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ। ਖਾਸ ਕਰਕੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਿਉਂਕਿ ਪਿਛਲੇ ਸਮੇਂ ਦੌਰਾਨ ਸਕੂਲੀ ਬੱਸਾਂ ਨਾਲ ਹਾਦਸੇ ਦੇਖਣ ਨੂੰ ਮਿਲੇ ਹਨ। ਇਸ ਲਈ ਸਕੂਲੀ ਬੱਸਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।