ਜਲੰਧਰ ਟਰੈਫਿਕ ਪੁਲਿਸ ਨੇ ਸ਼ਹਿਰ ਦੀਆਂ ਉਨ੍ਹਾਂ ਵੱਡੀਆਂ ਇਮਾਰਤਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਹਨਾਂ ਨੂੰ ਕਈ ਵਾਰ ਟਰੈਫਿਕ ਪੁਲਿਸ ਨੇ ਮੌਕੇ ’ਤੇ ਜਾ ਕੇ ਸਮਝਾਇਆ ਤੇ ਚੇਤਾਵਨੀਆਂ ਵੀ ਦਿੱਤੀਆਂ। ਨਵੇਂ ਸੀਪੀ ਸਵਪਨ ਸ਼ਰਮਾ ਨੇ ਚਾਰਜ ਸੰਭਾਲਦੇ ਹੀ ਤੁਰੰਤ ਟਰੈਫਿਕ ਨੂੰ ਸੁਧਾਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਕੁਝ ਦਿਨ ਪਹਿਲਾਂ ਪੁਲਿਸ ਨੇ ਸ਼ਹਿਰ ਵਿੱਚ 80 ਦੇ ਕਰੀਬ ਕਬਜ਼ਿਆਂ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਸਨ। ਜਿਸ ਵਿੱਚੋਂ 6 ਦੇ ਖਿਲਾਫ ਟਰੈਫਿਕ ਉਲੰਘਣਾ ਤਹਿਤ ਕਾਰਵਾਈ ਕੀਤੀ ਗਈ। ਇਨ੍ਹਾਂ ਵਿੱਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ ਡੀ-ਮਾਰਟ ਵੀ ਸ਼ਾਮਲ ਹੈ। ਜਿਸ 'ਤੇ ਟ੍ਰੈਫਿਕ ਉਲੰਘਣਾ ਦੇ ਤਹਿਤ ਐੱਫ.ਆਈ.ਆਰ. ਦਰਜ਼ ਕੀਤੀ ਗਈ। ਡੀ-ਮਾਰਟ ਬਿਲਡਿੰਗ ਮਾਲਕਾਂ ਨੂੰ ਪਹਿਲਾਂ ਵੀ ਟਰੈਫਿਕ ਸੁਧਾਰਨ ਲਈ ਨੋਟਿਸ ਜਾਰੀ ਕੀਤੇ ਗਏ ਸਨ। ਪਰ ਜਦੋਂ ਕੋਈ ਸੁਧਾਰ ਨਾ ਹੋਇਆ ਤਾਂ ਸੀਪੀ ਨੇ ਸਖ਼ਤ ਕਾਰਵਾਈ ਕਰਦੇ ਹੋਏ ਸੋਮਵਾਰ ਨੂੰ ਐਫਆਈਆਰ ਦਰਜ ਕਰਵਾਈ।
ਪੁਲਿਸ ਲਾਈਨ ਵਿੱਚ ਟਰੈਫਿਕ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਜਿਨ੍ਹਾਂ ਜ਼ੋਨਾਂ ਵਿੱਚ ਟਰੈਫਿਕ ਦੀ ਸਭ ਤੋਂ ਵੱਧ ਸਮੱਸਿਆ ਆ ਰਹੀ ਹੈ ਉਹਨਾਂ ਵਿੱਚ ਸੁਧਾਰ ਕੀਤਾ ਜਾਵੇਗਾ। ਕਿਉਂਕਿ ਇਸ ਸਮੇਂ ਟ੍ਰੈਫਿਕ ਜਾਮ ਲੋਕਾਂ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਹੈ। ਜਿਸ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਹੋਵੇਗਾ। ਸੀਪੀ ਨੇ ਦੱਸਿਆ ਕਿ ਪਹਿਲੇ ਪੜਾਅ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਟਰੈਫਿਕ ਪੁਲਿਸ ਦਾ ਸਹਿਯੋਗ ਕਰਨ ਅਤੇ ਸੜਕ ’ਤੇ ਵਾਹਨ ਨਾ ਖੜ੍ਹੇ ਕਰਨ। ਇਸ ਦੇ ਨਾਲ ਹੀ ਨਜਾਇਜ਼ ਰੇਹੜੀ-ਫੜ੍ਹੀ ਵਾਲਿਆਂ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।