ਦੇਸ਼ 'ਚ ਰੇਲ ਗੱਡੀਆਂ ਦੇ ਪਟੜੀ ਤੋਂ ਉਤਰਨ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲਾ ਹੁਣ ਪੱਛਮੀ ਬੰਗਾਲ ਦੇ ਜਲਪਾਈਗੁੜੀ ਤੋਂ ਸਾਹਮਣੇ ਆਇਆ ਹੈ। ਜਿੱਥੇ ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰ ਗਏ ਹਨ। ਇਹ ਹਾਦਸਾ ਸਵੇਰੇ ਕਰੀਬ 6.20 ਵਜੇ ਵਾਪਰਿਆ। ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਟਰੇਨਾਂ ਨੂੰ ਕੀਤਾ ਗਿਆ ਡਾਇਵਰਟ
ਘਟਨਾ ਬਾਰੇ ਉੱਤਰ-ਪੂਰਬੀ ਸਰਹੱਦੀ ਰੇਲਵੇ ਜ਼ੋਨ ਦੇ ਸੀਪੀਆਰਓ ਨੇ ਦੱਸਿਆ ਕਿ ਰੇਲਗੱਡੀ ਦੇ ਪਟੜੀ ਤੋਂ ਉਤਰਨ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਟਰੈਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਟਰੇਨਾਂ ਨੂੰ ਬਦਲਵੇਂ ਰੂਟਾਂ ਰਾਹੀਂ ਮੋੜ ਦਿੱਤਾ ਗਿਆ ਹੈ।
ਪਿਛਲੇ ਮਹੀਨੇ ਵੀ ਪਟੜੀ ਤੋਂ ਉਤਰੀ ਸੀ ਮਾਲ ਗੱਡੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪੱਛਮੀ ਬੰਗਾਲ ਵਿੱਚ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਸੀ। ਇਹ ਹਾਦਸਾ ਮਾਲਦਾ ਜ਼ਿਲ੍ਹੇ ਦੇ ਹਰਿਸ਼ਚੰਦਰਪੁਰ ਦੇ ਕੁਮੇਦਰਪੁਰ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰ ਗਏ। ਮਾਲ ਗੱਡੀ ਐਨਜੀਪੀ ਤੋਂ ਕਟਿਹਾਰ ਜਾ ਰਹੀ ਸੀ।
ਜੂਨ ਮਹੀਨੇ ਵਿੱਚ ਵੀ ਰੇਲ ਵਾਪਰਿਆ ਸੀ ਹਾਦਸਾ
ਜੂਨ 'ਚ ਪੱਛਮੀ ਬੰਗਾਲ ਦੇ ਦਾਰਜੀਲਿੰਗ 'ਚ ਪਟੜੀ 'ਤੇ ਖੜ੍ਹੀ ਕੰਚਨਗੰਗਾ ਐਕਸਪ੍ਰੈੱਸ ਟਰੇਨ ਨੂੰ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਮਾਲ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਸੀ। ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ ਰੇਲਗੱਡੀ ਦੀਆਂ ਪਿਛਲੀਆਂ ਤਿੰਨ ਬੋਗੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ।