ਜਲੰਧਰ : ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੋਮਵਾਰ ਦੁਪਹਿਰ ਨੂੰ ਬੱਸ ਸਟੈਂਡ 'ਤੇ ਅਚਨਚੇਤ ਬੱਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਮੰਤਰੀ ਇੰਡੋ ਕੈਨੇਡੀਅਨ ਬੱਸ ਸਰਵਿਸ ਦੇ ਦਫ਼ਤਰ ਵੀ ਪੁੱਜੇ। ਦਫ਼ਤਰ ਪਹੁੰਚ ਕੇ ਉਨ੍ਹਾਂ ਦੀਆਂ ਬੱਸਾਂ ਦੇ ਪਰਮਿਟ ਅਤੇ ਹੋਰ ਦਸਤਾਵੇਜ਼ ਵੀ ਚੈੱਕ ਕੀਤੇ ਗਏ। ਮੰਤਰੀ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਟੈਕਸ ਧੋਖਾਧੜੀ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਉਹ ਚੈਕਿੰਗ ਲਈ ਆਏ ਹਨ।
ਕਈ ਬੱਸਾਂ ਦੇ ਕੀਤੇ ਚਲਾਨ ਅਤੇ ਜੁਰਮਾਨੇ
ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਈ ਬੱਸ ਸਰਵਿਸ ਮਾਲਕਾਂ ਦੇ ਦਸਤਾਵੇਜ਼ਾਂ ਵਿੱਚ ਖਾਮੀਆਂ ਪਾਈਆਂ ਗਈਆਂ ਹਨ। ਜਿਵੇਂ ਕਿ ਆਰਟੀਓ ਕੋਲ ਉਨ੍ਹਾਂ ਦੇ ਪਰਮਿਟ, ਸਵਾਰੀਆਂ ਅਤੇ ਬੱਸ ਦੀ ਸਮਰੱਥਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੀ ਸੂਚਨਾ ਪਹਿਲਾਂ ਆਰਟੀਓ ਦਫ਼ਤਰ ਨੂੰ ਦੇਣੀ ਹੁੰਦੀ ਹੈ ਪਰ ਉਨ੍ਹਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਓਵਰਲੋਡ ਬੱਸਾਂ ਕਾਰਨ ਕਈ ਹਾਦਸੇ ਵਾਪਰ ਰਹੇ ਹਨ।
ਬੱਸ ਸੇਵਾ ਦੇ ਕਰਮਚਾਰੀ 100 ਤੋਂ ਵੱਧ ਯਾਤਰੀਆਂ ਨੂੰ ਲੈ ਜਾਂਦੇ ਹਨ
ਮੰਤਰੀ ਭੁੱਲਰ ਨੇ ਕਿਹਾ ਕਿ ਵੱਡੀ ਬੱਸ ਵਿੱਚ ਸਿਰਫ਼ 50 ਤੋਂ 55 ਯਾਤਰੀਆਂ ਦੇ ਬੈਠਣ ਦਾ ਪ੍ਰਬੰਧ ਹੁੰਦਾ ਹੈ ਪਰ ਕਈ ਬੱਸਾਂ 100 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾਂਦੀਆਂ ਹਨ, ਜਿਸ ਕਾਰਨ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੀ.ਐਮ ਅਤੇ ਆਰ.ਟੀ.ਏ. ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਇਲਾਕਿਆਂ ਵਿੱਚ ਚੈਕਿੰਗ। ਇਸ ਦੌਰਾਨ ਕਈ ਬੱਸਾਂ ਦੇ 54 ਹਜ਼ਾਰ ਰੁਪਏ ਦੇ ਚਲਾਨ ਕੱਟੇ ਗਏ। ਇਸ ਦੇ ਨਾਲ ਹੀ ਕਈ ਬੱਸਾਂ ਨੂੰ ਜੁਰਮਾਨੇ ਵੀ ਕੀਤੇ ਗਏ।
ਟੈਕਸ ਨਾ ਦੇਣ ਵਾਲਿਆਂ ਨੂੰ ਚੇਤਾਵਨੀ
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਗਲਤ ਜਾਣਕਾਰੀ ਦੇਣ ਵਾਲੇ ਬੱਸ ਡਰਾਈਵਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ। ਜਿਨ੍ਹਾਂ ਨੇ ਟੈਕਸ ਭਰਿਆ ਹੈ, ਉਨ੍ਹਾਂ ਨੂੰ ਤੰਗ ਨਹੀਂ ਕੀਤਾ ਗਿਆ, ਪਰ ਜਿਨ੍ਹਾਂ ਨੇ ਅਜੇ ਤੱਕ ਟੈਕਸ ਨਹੀਂ ਭਰਿਆ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ।