ਯੂਪੀ ਦੇ ਸ਼ਾਹਜਹਾਂਪੁਰ 'ਚ ਸ਼ਰਧਾਲੂਆਂ ਨਾਲ ਭਰੀ ਬਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ 11 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਜਦਕਿ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਆਸ-ਪਾਸ ਦੇ ਲੋਕਾਂ ਤੇ ਕਰੇਨ ਦੀ ਮਦਦ ਨਾਲ ਬੱਸ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ।
ਬੱਜਰੀ ਨਾਲ ਭਰਿਆ ਟਰੱਕ ਬੱਸ 'ਤੇ ਪਲਟਿਆ
ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਨਾਲ ਭਰੀ ਬੱਸ ਸੀਤਾਪੁਰ ਤੋਂ ਪੂਰਨਗਿਰੀ ਜਾ ਰਹੀ ਸੀ। ਇਸ ਦੌਰਾਨ ਰੇਤਾ-ਬੱਜਰੀ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਬੱਸ 'ਤੇ ਪਲਟ ਗਿਆ। ਜਿਸ ਕਾਰਨ ਬੱਸ ਅੰਦਰ ਬੈਠੇ 11 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 10 ਤੋਂ ਵੱਧ ਜ਼ਖਮੀ ਹੋ ਗਏ ਹਨ।
ਹਾਦਸਾ ਦੇਰ ਰਾਤ 11 ਵਜੇ ਵਾਪਰਿਆ
ਘਟਨਾ ਸਬੰਧੀ ਪੁਲੀਸ ਅਧਿਕਾਰੀ ਅਸ਼ੋਕ ਮੀਨਾ ਨੇ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ।ਸ਼ਰਧਾਲੂਆਂ ਦੀ ਬੱਸ ਢਾਬੇ 'ਤੇ ਖੜ੍ਹੀ ਸੀ। ਕੁਝ ਸ਼ਰਧਾਲੂ ਬੱਸ ਦੇ ਅੰਦਰ ਬੈਠੇ ਸਨ ਅਤੇ ਕੁਝ ਢਾਬੇ 'ਤੇ ਖਾਣਾ ਖਾ ਰਹੇ ਸਨ। ਉਦੋਂ ਇਕ ਟਰੱਕ ਬੇਕਾਬੂ ਹੋ ਕੇ ਬੱਸ 'ਤੇ ਪਲਟ ਗਿਆ। ਜਿਸ 'ਚ 11 ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ।
ਹਾਦਸੇ 'ਚ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ
ਹਾਦਸੇ ਵਿੱਚ ਸੋਮਵਤੀ (45 ਸਾਲ), ਚੁਟਕੀ, ਅਜੀਤ (16), ਪ੍ਰਮੋਦ ਕੁਮਾਰ, ਸ਼ਿਵਸ਼ੰਕਰ, ਮੀਨਾ ਦੇਵੀ (30), ਸੁਮਨ (36), ਆਦਿਤਿਆ (8) ਸਮੇਤ 11 ਲੋਕਾਂ ਦੀ ਮੌਤ ਹੋ ਗਈ। ਸੋਨਾਵਤੀ, ਰਿਤਿਕ, ਵਰਿੰਦਰ, ਅਵੰਤਿਕਾ, ਸੁਸ਼ੀਲ, ਅਮਿਤ, ਅਜੇ, ਸ਼ਿਵਰਾਣੀ, ਬਾਲਕਿਸ਼ਨ, ਬਿੱਟੂ, ਆਦਿਤਿਆ, ਵਿਜੇ ਕੁਮਾਰ, ਰਾਮੂ, ਵਿਜੇ, ਮਹਾਰਾਣੀ, ਵਿਕਾਸ ਸਮੇਤ ਹੋਰ ਸ਼ਰਧਾਲੂ ਜ਼ਖਮੀ ਹੋ ਗਏ ਹਨ।