ਕਪੂਰਥਲਾ ਜ਼ਿਲ੍ਹੇ ਦੇ ਪਿੰਡ ਧਾਲੀਵਾਲ ਵਿੱਚ ਛੱਤ ’ਤੇ ਖੇਡ ਰਹੀਆਂ ਦੋ ਲੜਕੀਆਂ 11 ਕੇਵੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਈਆਂ। ਜਿਸ ਕਾਰਨ ਇਕ ਲੜਕੀ ਦੀ ਮੌਤ ਹੋ ਗਈ, ਜਦਕਿ ਦੂਜੀ ਗੰਭੀਰ ਰੂਪ 'ਚ ਝੁਲਸ ਗਈ। ਦੱਸ ਦੇਈਏ ਕਿ ਪਿੰਡ ਧਾਲੀਵਾਲ ਵਿੱਚ 11 ਕੇਵੀ ਦੀਆਂ ਹਾਈ ਵੋਲਟੇਜ ਤਾਰਾਂ ਕਈ ਘਰਾਂ ਦੀਆਂ ਛੱਤਾਂ ਉਪਰੋਂ ਲੰਘਦੀਆਂ ਹਨ। ਜੋ ਇਨ੍ਹਾਂ ਬੱਚਿਆਂ ਅਤੇ ਵੱਡਿਆਂ ਲਈ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ।
ਕਰੰਟ ਲੱਗਣ ਨਾਲ ਰਾਜਦੀਪ ਕੌਰ (15) ਪੁੱਤਰੀ ਧਰਮਪਾਲ ਵਾਸੀ ਧਾਲੀਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕੋਮਲਪ੍ਰੀਤ ਕੌਰ (8) ਪੁੱਤਰੀ ਜਸਬੀਰ ਸਿੰਘ ਬੁਰੀ ਤਰ੍ਹਾਂ ਨਾਲ ਝੁਲਸ ਗਈ। ਪਿੰਡ ਦੇ ਲੋਕਾਂ ਨੇ ਤੁਰੰਤ ਉਸ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਉਥੇ ਡਿਊਟੀ 'ਤੇ ਮੌਜੂਦ ਡਾਕਟਰ ਨਵਦੀਪ ਕੌਰ ਨੇ ਜਾਂਚ ਤੋਂ ਬਾਅਦ ਰਾਜਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਕੋਮਲਪ੍ਰੀਤ ਦਾ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਪਾ ਰਹੇ ਹਨ।
ਹਾਈ ਟੈਂਸ਼ਨ ਦੀਆਂ ਤਾਰਾਂ ਨੇ ਆਪਣੇ ਵੱਲ ਖਿੱਚੀਆਂ
ਜਾਣਕਾਰੀ ਅਨੁਸਾਰ ਰਾਜਦੀਪ ਕੌਰ ਆਪਣੀ ਸਹੇਲੀ ਕੋਮਲਪ੍ਰੀਤ ਕੌਰ ਨਾਲ ਘਰ ਦੀ ਛੱਤ 'ਤੇ ਖੇਡ ਰਹੀ ਸੀ। 11,000 ਵੋਲਟ ਦੀ ਹਾਈ ਟੈਂਸ਼ਨ ਲਾਈਨ ਘਰ ਦੀ ਛੱਤ ਤੋਂ ਲੰਘਦੀ ਹੈ। ਖੇਡਦੇ ਸਮੇਂ ਦੋਵੇਂ ਲੜਕੀਆਂ ਨੂੰ ਅਚਾਨਕ ਕਰੰਟ ਲੱਗ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈਆਂ। ਦੋਵਾਂ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰ ਦੌੜੇ ਗਏ।
ਵਿਦੇਸ਼ ਰਹਿੰਦਾ ਮ੍ਰਿਤਕ ਦਾ ਪਿਤਾ
ਪਿੰਡ ਵਾਸੀਆਂ ਨੇ ਦੋਵੇਂ ਲੜਕੀਆਂ ਨਾਲ ਵਾਪਰੇ ਹਾਦਸੇ ਨੂੰ ਮੰਦਭਾਗਾ ਦਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਰਾਜਦੀਪ ਕੌਰ ਦੇ ਪਿਤਾ ਵਿਦੇਸ਼ ਵਿੱਚ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਘਰਾਂ ਦੀਆਂ ਛੱਤਾਂ ਤੋਂ ਲੰਘਦੀਆਂ ਤਾਰਾਂ ਨੂੰ ਹਟਾਉਣ ਦੀ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ। ਕੋਈ ਸੁਣਵਾਈ ਨਹੀਂ ਹੋ ਰਹੀ। ਜੇਕਰ ਇਸ ਨੂੰ ਜਲਦੀ ਸ਼ਿਫਟ ਨਾ ਕੀਤਾ ਗਿਆ ਤਾਂ ਹੋਰ ਹਾਦਸੇ ਵਾਪਰ ਸਕਦੇ ਹਨ।