ਜਲੰਧਰ ਦੇ ਰਾਉਵਾਲੀ ਨੇੜੇ ਸੋਮਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਹਾਦਸਾ ਸਵੇਰੇ ਕਰੀਬ 5.30 ਵਜੇ ਵਾਪਰਿਆ। ਤੜਕੇ ਵਾਪਰੇ ਹਾਦਸੇ ਦੌਰਾਨ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। ਥਾਣਾ ਮਕਸੂਦਾਂ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੁਕਸਾਨੇ ਵਾਹਨਾਂ ਨੂੰ ਪਾਸੇ ਕਰ ਦਿੱਤਾ।
ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਇਕ ਛੋਟਾ ਬੱਚਾ ਵੀ ਮੌਜੂਦ ਸੀ। ਲੋਕਾਂ ਮੁਤਾਬਕ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਕਿਸੇ ਤਰ੍ਹਾਂ ਜ਼ਖਮੀਆਂ ਨੂੰ ਕਾਰ ਦੇ ਵਿਚਕਾਰੋਂ ਬਾਹਰ ਕੱਢਿਆ ਗਿਆ। ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਮੌਕੇ 'ਤੇ ਪਹੁੰਚੀ ਥਾਣਾ ਮਕਸੂਦਾਂ ਦੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਜਗ੍ਹਾ ਜਿੱਥੇ ਹਾਦਸਾ ਹੋਇਆ, ਟਰੈਫਿਕ ਐਡਵਾਈਜ਼ਰੀ ਰਿਪੋਰਟ ਵਿੱਚ ਉਸ ਪੁਆਇੰਟ ਨੂੰ ਬਲੈਕ ਸਪਾਟ ਕਰਾਰ ਦਿੱਤਾ ਗਿਆ ਹੈ। ਜਿਸ ਥਾਂ ਇਹ ਹਾਦਸਾ ਵਾਪਰਿਆ , ਉੱਥੇ ਹਾਈਵੇਅ ਤੋਂ ਇੱਕ ਸੜਕ ਰਾਓਵਾਲੀ ਵੱਲ ਅਤੇ ਦੂਜੀ ਪੰਜਾਬੀ ਬਾਗ ਵੱਲ ਜਾਂਦੀ ਹੈ। ਜਦੋਂ ਲੋਕ ਯੂ ਟਰਨ ਲੈਣ ਲੱਗਦੇ ਹਨ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਕਈ ਲੋਕ ਕੀਮਤੀ ਜਾਨਾਂ ਗਵਾ ਚੁੱਕੇ ਹਨ।
ਲੋਕਾਂ ਨੇ ਦੱਸਿਆ ਕਿ ਇਸ ਥਾਂ ’ਤੇ ਸਾਲ ਵਿੱਚ 4 ਤੋਂ 6 ਮੌਤਾਂ ਹੋ ਜਾਂਦੀਆਂ ਹਨ। ਜ਼ਿਆਦਾਤਰ ਦੋ ਪਹੀਆ ਵਾਹਨ ਚਾਲਕ ਓਵਰਲੋਡ ਵਾਹਨਾਂ ਦੀ ਲਪੇਟ ਵਿੱਚ ਆ ਜਾਂਦੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹਾਈਵੇਅ ਅਧਿਕਾਰੀਆਂ ਨੂੰ ਇਸ ਥਾਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।