ਮੋਹਾਲੀ 'ਚ ਬੇਰੁਜ਼ਗਾਰ ਅਧਿਆਪਕ ਨੌਕਰੀਆਂ ਦੀ ਮੰਗ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਉਪਰਲੀ ਮੰਜ਼ਿਲ 'ਤੇ ਚੜ੍ਹ ਗਏ। ਨੌਕਰੀਆਂ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਬੈਠੇ 2364 ਈਟੀਟੀ ਅਧਿਆਪਕ ਯੂਨੀਅਨ ਦੇ ਦੋ ਮੈਂਬਰਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ। ਉਹ ਹੱਥ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਉੱਪਰ ਚੜ੍ਹ ਗਏ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਉਹ ਥੱਲੇ ਨਹੀ ਆਉਣਗੇ।
ਬੇਰੁਜ਼ਗਾਰ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਲੇਕਸ਼ਨ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਸਿਰਫ਼ ਨਿਯੁਕਤੀ ਪੱਤਰ ਦੇਣ ਵਿੱਚ ਦੇਰੀ ਹੋ ਰਹੀ ਹੈ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਉਨ੍ਹਾਂ ਨੂੰ ਹੇਠਾਂ ਲਿਆਉਣ 'ਚ ਲੱਗਾ ਹੋਇਆ ਹੈ।
4 ਸਾਲਾਂ ਤੋਂ ਕਰ ਰਹੇ ਹਨ ਸੰਘਰਸ਼
ਬੇਰੁਜ਼ਗਾਰ ਅਧਿਆਪਕਾਂ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਸਾਡੀ ਪੜਤਾਲ ਡੇਢ ਮਹੀਨਾ ਪਹਿਲਾਂ ਹੋਈ ਸੀ। ਚੋਣ ਸੂਚੀ ਆ ਗਈ ਹੈ। ਪਰ ਅਜੇ ਤੱਕ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤਾ ਗਿਆ। ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਸਮੱਸਿਆ ਦਾ ਹੱਲ ਨਾ ਹੋਣ 'ਤੇ ਕਰਾਂਗੇ ਖੁਦਕੁਸ਼ੀ
ਅਧਿਆਪਕਾਂ ਨੇ ਦੱਸਿਆ ਕਿ ਅਜਿਹੀ ਹਾਲਤ ਵਿੱਚ ਉਸ ਦੇ ਦੋ ਸਾਥੀ ਗੁਰਸੇਵਕ ਸਿੰਘ ਅਤੇ ਰਾਜਵਿੰਦਰ ਸਿੰਘ ਭਾਵੁਕ ਹੋ ਗਏ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪੀਐਸਈਬੀ ਦੀ ਉਪਰਲੀ ਮੰਜ਼ਿਲ ’ਤੇ ਚੜ੍ਹ ਗਏ। ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਅਸੀਂ ਖੁਦਕੁਸ਼ੀ ਕਰ ਲਵਾਂਗੇ।