ਅਮਰੀਕਾ ਤੋਂ ਡਿਪੋਰਟ ਕੀਤੇ 116 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ 116 ਭਾਰਤੀ ਮੌਜੂਦ ਸਨ।
2 ਨੌਜਵਾਨਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
ਦੱਸ ਦੇਈਏ ਕਿ ਡਿਪੋਰਟਰਾਂ ਵਿਚੋਂ ਆਏ 2 ਨੌਜਵਾਨਾਂ ਸੰਦੀਪ ਅਤੇ ਪ੍ਰਦੀਪ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰਾਜਪੁਰਾ ਵਿੱਚ 175/23 FIR ਦੇ ਤਹਿਤ ਕਤਲ ਕੇਸ ਵਿੱਚ ਭਗੌੜੇ ਸਨ।ਇਸ ਦੌਰਾਨ ਅਮਰੀਕਾ ਤੋਂ ਡਿਪੋਰਟੀਆ ਦਾ ਕ੍ਰਿਮੀਨਲ ਰਿਕਾਰਡ ਸਾਹਮਣੇ ਆਇਆ, ਜਿਸ ਤੋਂ ਬਾਅਦ ਪਟਿਆਲਾ ਪੁਲਸ ਨੇ ਉਨ੍ਹਾਂ ਦੋਵਾਂ ਨੂੰ ਆਪਣੀ ਹਿਰਾਸਤ 'ਚ ਲੈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਡਿਪੋਰਟੀਆ ਨੂੰ ਲੈ ਕੇ ਆਇਆ ਦੂਜਾ ਜਹਾਜ਼
ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਆਇਆ ਇਹ ਅਮਰੀਕਾ ਦਾ ਦੂਜਾ ਫੌਜੀ ਜਹਾਜ਼ ਹੈ, ਇਸ ਤੋਂ ਪਹਿਲਾਂ 104 ਭਾਰਤੀਆਂ ਨੂੰ ਅਮਰੀਕਾ ਤੋਂ ਅੰਮ੍ਰਿਤਸਰ ਏਅਰਪੋਰਟ ਅਮਰੀਕੀ ਫੌਜੀ ਜਹਾਜ਼ ਉਤਾਰ ਕੇ ਗਿਆ ਸੀ।
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ 'ਤੇ ਕਾਰਵਾਈ ਕਰਨ ਦੇ ਆਪਣੇ ਵਾਅਦੇ ਤਹਿਤ ਦੇਸ਼ ਨਿਕਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਰਾਤ 10 ਵਜੇ ਦੇ ਅਨੁਮਾਨਿਤ ਸਮੇਂ ਦੀ ਬਜਾਏ ਰਾਤ 11:30 ਵਜੇ ਦੇ ਕਰੀਬ ਹਵਾਈ ਅੱਡੇ 'ਤੇ ਉਤਰਿਆ।
116 ਭਾਰਤੀ ਹੋਏ ਡਿਪੋਰਟ
ਰਿਪੋਰਟ ਮੁਤਾਬਕ ਡਿਪੋਰਟ ਕੀਤੇ ਭਾਰਤੀਆਂ ਵਿੱਚ ਪੰਜਾਬ ਦੇ 65, ਹਰਿਆਣਾ ਦੇ 33, ਗੁਜਰਾਤ ਦੇ ਅੱਠ, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਦੋ-ਦੋ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਇੱਕ-ਇੱਕ ਵਿਅਕਤੀ ਸ਼ਾਮਲ ਹਨ। ਜ਼ਿਆਦਾਤਰ ਡਿਪੋਰਟ ਕੀਤੇ ਗਏ ਲੋਕਾਂ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੈ। ਕੁਝ ਡਿਪੋਰਟ ਕੀਤੇ ਗਏ ਲੋਕਾਂ ਦੇ ਪਰਿਵਾਰ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਪਹੁੰਚੇ।
ਇਕ ਹੋਰ ਜਹਾਜ਼ ਡਿਪੋਰਟ ਭਾਰਤੀਆਂ ਨੂੰ ਲੈ ਕੇ ਆਵੇਗਾ
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 157 ਡਿਪੋਰਟੀਆਂ ਨੂੰ ਲੈ ਕੇ ਤੀਜੀ ਉਡਾਣ 16 ਫਰਵਰੀ ਨੂੰ ਭਾਰਤ ਪਹੁੰਚਣ ਦੀ ਉਮੀਦ ਹੈ।5 ਫਰਵਰੀ ਨੂੰ, ਇੱਕ ਅਮਰੀਕੀ ਫੌਜੀ ਜਹਾਜ਼ 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਇਨ੍ਹਾਂ ਵਿੱਚੋਂ 33-33 ਹਰਿਆਣਾ ਅਤੇ ਗੁਜਰਾਤ ਤੋਂ ਸਨ, ਜਦੋਂ ਕਿ 30 ਪੰਜਾਬ ਤੋਂ ਸਨ।
ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ
ਡਿਪੋਰਟ ਕੀਤੇ ਗਏ ਲੋਕਾਂ ਦੇ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਖੇਤੀਬਾੜੀ ਵਾਲੀ ਜ਼ਮੀਨ ਅਤੇ ਪਸ਼ੂ ਗਿਰਵੀ ਰੱਖ ਕੇ ਪੈਸੇ ਇਕੱਠੇ ਕੀਤੇ ਸਨ ਤਾਂ ਜੋ ਉਨ੍ਹਾਂ ਨੂੰ ਇੱਕ ਉੱਜਵਲ ਭਵਿੱਖ ਲਈ ਵਿਦੇਸ਼ ਭੇਜਿਆ ਜਾ ਸਕੇ। ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।
ਅਮਰੀਕਾ 'ਚ 1700 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ ਹਿਰਾਸਤ 'ਚ
ਟਰੰਪ ਦੇ ਰਾਸ਼ਟਰਪਤੀ ਬਣਦੇ ਹੀ 11 ਦਿਨਾਂ ਦੇ ਅੰਦਰ 25 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੇ ਲਈ ਟਰੰਪ ਦੀ ਟੀਮ ਨੇ ਅਮਰੀਕਾ ਦੇ 12 ਰਾਜਾਂ ਵਿੱਚ ਛਾਪੇਮਾਰੀ ਕੀਤੀ ਸੀ। ਜਿਸ ਤੋਂ ਬਾਅਦ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ ਨੂੰ ਫੜ ਕੇ ਡਿਪੋਰਟ ਕਰ ਭੇਜਿਆ ਜਾ ਰਿਹਾ ਹੈ। ਇਨ੍ਹਾਂ ਵਿੱਚ 1700 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਕਿਹਾ
ਅਮਰੀਕਾ ਦੌਰੇ 'ਤੇ ਆਏ ਪੀਐਮ ਮੋਦੀ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਕਿਹਾ ਕਿ ਜੋ ਲੋਕ ਦੂਜੇ ਦੇਸ਼ਾਂ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿੰਦੇ ਹਨ, ਉਨ੍ਹਾਂ ਨੂੰ ਉੱਥੇ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਅਸੀਂ ਹਮੇਸ਼ਾ ਕਿਹਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਲਈ ਤਿਆਰ ਹਾਂ ਜੋ ਭਾਰਤੀ ਨਾਗਰਿਕ ਹਨ ਅਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਹਨ।