ਨਗਰ ਨਿਗਮ ਚੋਣਾਂ ਲਈ ਅੰਮ੍ਰਿਤਸਰ, ਜਲੰਧਰ, ਫਗਵਾੜਾ, ਪਟਿਆਲਾ ਅਤੇ ਲੁਧਿਆਣਾ 'ਚ ਵੋਟਾਂ ਸਵੇਰੇ 7 ਵਜੇ ਤੋਂ ਪੈ ਰਹੀਆਂ ਹਨ, ਜੋ ਕਿ ਸ਼ਾਮ 4 ਵਜੇ ਤੱਕ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਸ਼ਾਮ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ।
ਅੰਮ੍ਰਿਤਸਰ ਵਿਚ ਵੋਟ ਪਾਉਣ ਗਈ ਔਰਤ ਦੀ ਮੌਤ
ਦੱਸ ਦੇਈਏ ਕਿ ਨਗਰ ਨਿਗਮ ਚੋਣਾਂ ਦੌਰਾਨ ਅੰਮ੍ਰਿਤਸਰ ਵਿੱਚ ਵੋਟ ਪਾਉਣ ਜਾ ਰਹੀ ਇੱਕ ਨਵ-ਵਿਆਹੀ ਔਰਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਅੰਮ੍ਰਿਤਸਰ ਦੇ ਕ੍ਰਿਸਟਲ ਚੌਕ 'ਤੇ ਵਾਪਰਿਆ, ਜਿਥੇ ਉਕਤ ਔਰਤ ਨੇ ਹੱਥ ਵਿੱਚ ਚੂੜਾ ਪਾਇਆ ਹੋਇਆ ਸੀ। ਪਤਾ ਲੱਗਾ ਹੈ ਕਿ ਔਰਤ ਬੱਚੇ ਦੇ ਨਾਲ ਸਕੂਟੀ 'ਤੇ ਜਾ ਰਹੀ ਸੀ। ਉਦੋਂ ਸਾਹਮਣੇ ਤੋਂ ਆ ਰਹੇ ਟਰੱਕ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਚੇ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
AAP ਤੇ ਕਾਂਗਰਸੀ ਵਰਕਰਾਂ 'ਚ ਹੋਈ ਝੜਪ
ਚੋਣਾਂ ਦੌਰਾਨ ਕਈ ਥਾਵਾਂ ਉਤੇ ਹੰਗਾਮਾ ਵੀ ਹੋਇਆ ਤੇ ਕਿਧਰੇ ਝੜਪਾਂ ਵੀ ਦੇਖਣ ਨੂੰ ਮਿਲੀਆਂ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਾਰਡ ਨੰਬਰ 85 ਬੂਥ 'ਤੇ ਝਗੜਾ ਹੋ ਗਿਆ। ਇਹ ਝਗੜਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਕਾਰ ਹੋਇਆ ਦੱਸਿਆ ਜਾ ਰਿਹਾ ਹੈ। ਦੋਵਾਂ ਪਾਰਟੀਆਂ ਦੇ ਵਰਕਰਾਂ ਦਾ ਦੋਸ਼ ਹੈ ਕਿ ਉਹ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਪੈਸੇ ਵੰਡ ਰਹੇ ਹਨ। ਮੌਕੇ 'ਤੇ ਮੌਜੂਦ ਪੁਲਸ ਨੇ ਭੀੜ ਨੂੰ ਹਟਾਇਆ। ਇਸ ਝਗੜੇ ਵਿੱਚ ਇੱਕ ਨੌਜਵਾਨ ਜ਼ਖ਼ਮੀ ਵੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।