ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਇਕ ਨਵ-ਵਿਆਹੁਤਾ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਮਾਮਲਾ ਅਜਨਾਲਾ ਦੇ ਪਿੰਡ ਦਿਆਲ ਭੱਟੀ ਦਾ ਹੈ। ਇਸ ਤੋਂ ਬਾਅਦ ਸਹੁਰਿਆਂ 'ਤੇ ਨਵ-ਵਿਆਹੁਤਾ ਨੂੰ ਫਾਹਾ ਦੇ ਕੇ ਮਾਰਨ ਦੇ ਇਲਜ਼ਾਮ ਲੱਗੇ ਹਨ।
ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
ਜਾਣਕਾਰੀ ਅਨੁਸਾਰ 2 ਮਹੀਨੇ ਪਹਿਲਾਂ ਹੀ ਲੜਕੀ ਦਾ ਵਿਆਹ ਮਨਮੋਹਨ ਸਿੰਘ ਨਾਂ ਦੇ ਲੜਕੇ ਨਾਲ ਹੋਇਆ ਸੀ। ਮਨਮੋਹਨ ਸਿੰਘ ਕੈਨੇਡਾ ਤੋਂ ਆਇਆ ਸੀ ਤੇ ਕਿਹਾ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਰਮਨਦੀਪ ਕੌਰ ਦਾ ਉਸ ਦੇ ਸਹੁਰੇ ਪਰਿਵਾਰ ਨਾਲ ਅਕਸਰ ਕਲੇਸ਼ ਰਹਿੰਦਾ ਸੀ। ਘਟਨਾ ਵਾਲੇ ਦਿਨ ਸਹੁਰੇ ਪਰਿਵਾਰ ਨੇ ਪੇਕੇ ਪਰਿਵਾਰ ਨੂੰ ਫੋਨ ਉਤੇ ਜਾਣਕਾਰੀ ਦਿੱਤੀ ਕਿ ਰਮਨਦੀਪ ਦੀ ਹਾਲਤ ਠੀਕ ਨਹੀਂ ਹੈ। ਪਰਿਵਾਰ ਨੇ ਕਿਹਾ ਕਿ ਉਹ ਤੁਰੰਤ ਲੜਕੀ ਦੇ ਸਹੁਰੇ ਪਹੁੰਚੇ ਪਰ ਲੜਕੀ ਦੀ ਉਦੋਂ ਤੱਕ ਮੌਤ ਹੋ ਚੁੱਕੀ ਸੀ।
ਕੀ ਕਹਿਣੈ ਲੜਕੀ ਪਰਿਵਾਰ ਦਾ
ਮ੍ਰਿਤਕ ਲੜਕੀ ਰਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਵਿਆਹ ਤੋਂ ਬਾਅਦ ਅਕਸਰ ਹੀ ਉਨ੍ਹਾਂ ਦੀ ਧੀ ਨਾਲ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਤੇ ਘਰ ਵਿਚ ਕਲੇਸ਼ ਰਹਿੰਦਾ ਸੀ। ਬੀਤੇ ਦਿਨ ਉਨ੍ਹਾਂ ਨੂੰ ਫੋਨ ਆਇਆ ਕਿ ਉਹਨਾਂ ਦੀ ਕੁੜੀ ਨੂੰ ਕੁਝ ਹੋ ਗਿਆ ਹੈ, ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਰਮਨਦੀਪ ਦੇ ਗਲੇ 'ਤੇ ਨਿਸ਼ਾਨ ਸਨ ਤੇ ਉਸ ਦੀ ਮੌਤ ਹੋ ਚੁੱਕੀ ਸੀ। ਉਪਰੰਤ ਉਨ੍ਹਾਂ ਨੇ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਪਤੀ ਮਨਮੋਹਨ ਸਿੰਘ, ਕੁੜੀ ਦੀ ਸੱਸ ਅਤੇ ਨਨਾਣ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।