ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਦੀ ਚੋਣ ਮੀਟਿੰਗ ਨੂੰ ਲੈ ਕੇ ਹੰਗਾਮਾ ਹੋਇਆ। ਦਰਅਸਲ ਜਦੋਂ ਸੁਖਪਾਲ ਖਹਿਰਾ ਪਿੰਡ ਲੱਡਾ 'ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਮਹੰਤ ਸਿਮਰਨ ਖਹਿਰਾ ਕੋਲ ਪਿੰਡ ਦੇ ਸਰਪੰਚ ਖਿਲਾਫ ਸ਼ਿਕਾਇਤ ਕਰਨ ਪਹੁੰਚੇ।
ਮਹੰਤਾਂ ਨੇ ਜਿਵੇਂ ਹੀ ਤਾੜੀਆਂ ਵਜਾ ਕੇ ਸਰਪੰਚ ਮਿੱਠੂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਰਪੰਚ ਮਿੱਠੂ ਤੇ ਸਾਥੀਆਂ ਨੇ ਮਹੰਤਾਂ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਚੋਣ ਮੀਟਿੰਗ ਝੜਪ ਵਿੱਚ ਬਦਲ ਗਈ।
ਸਰਪੰਚ ਨੇ ਸਾਡੇ ਨਾਲ ਲੱਖਾਂ ਦੀ ਠੱਗੀ ਮਾਰੀ - ਮਹੰਤ ਸਿਮਰਨ
ਪਟਿਆਲਾ ਦੇ ਸਿਮਰਨ ਮਹੰਤ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਮਿੱਠੂ ਨੇ ਉਸ ਨਾਲ ਲੱਖਾਂ ਦੀ ਠੱਗੀ ਮਾਰੀ ਹੈ, ਜਿਸ ਕਾਰਨ ਉਹ ਉਸ ਤੋਂ ਬਹੁਤ ਨਾਰਾਜ਼ ਹੈ। ਅੱਜ ਉਹ ਖਹਿਰਾ ਕੋਲ ਸ਼ਿਕਾਇਤ ਕਰਨ ਗਏ ਸਨ ਕਿ ਉਹ ਸਰਪੰਚ ਨੂੰ ਮੂੰਹ ਨਾ ਲਾਵੇ, ਗੁੱਸੇ ਵਿੱਚ ਆ ਕੇ ਸਰਪੰਚ ਤੇ ਉਸ ਦੇ ਸਾਥੀਆਂ ਨੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ।
ਜੁੱਤੀਆਂ ਅਤੇ ਚੱਪਲਾਂ ਮਾਰੀਆਂ, ਕਾਰ ਦੀ ਭੰਨ-ਤੋੜ ਵੀ ਕੀਤੀ
ਸਿਮਰਨ ਮਹੰਤ ਨੇ ਸਰਪੰਚ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਪੰਚ ਤੇ ਉਸ ਦੇ ਸਾਥੀਆਂ ਨੇ ਉਸ ਦੀ ਕੁੱਟ-ਮਾਰ ਕੀਤੀ, ਉਸ ਦੀ ਕਾਰ ਦੀ ਭੰਨ-ਤੋੜ ਕੀਤੀ ਅਤੇ ਕੱਪੜੇ ਵੀ ਪਾੜ ਦਿੱਤੇ। ਅਸੀਂ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਸਰਕਾਰ ਅਤੇ ਪੁਲਸ ਨੂੰ ਪਿੰਡ ਦੇ ਸਰਪੰਚ ਮਿੱਠੂ ਖੇੜਾ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪਰਚਾ ਦਰਜ ਕਰ ਕੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸਿਮਰਨ ਨੇ ਦੱਸਿਆ ਕਿ ਉਸ ਨੇ ਪੂਰੇ ਮਾਮਲੇ ਦੀ ਲਿਖਤੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਹੈ।