ਜਲੰਧਰ ਵਾਸੀਆਂ ਲਈ ਇਕ ਹੋਰ ਖੁਸ਼ਖਬਰੀ ਹੈ, ਵੰਦੇ ਭਾਰਤ ਦਾ ਹੁਣ ਜਲੰਧਰ ਸਿਟੀ ਸਟੇਸ਼ਨ 'ਤੇ ਵੀ ਸਟਾਪੇਜ ਹੋਵੇਗਾ। ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਇਸ ਦੀ ਪੁਸ਼ਟੀ ਕੀਤੀ ਹੈ। ਜਿਸ 'ਚ ਉਹ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਧੰਨਵਾਦ ਕਰਦਿਆਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਜਲੰਧਰ ਸਿਟੀ ਸਟੇਸ਼ਨ 'ਤੇ ਰੁਕਣ ਦੀ ਮੰਗ ਕੀਤੀ ਗਈ ਸੀ। ਇਸ ਨੂੰ ਸਵੀਕਾਰ ਕਰ ਲਿਆ ਗਿਆ ਹੈ, ਜਿਸ ਲਈ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ। ਦੱਸ ਦਈਏ ਕਿ ਵੰਦੇ ਭਾਰਤ ਐਕਸਪ੍ਰੈਸ ਦਿੱਲੀ ਤੋਂ ਅੰਮ੍ਰਿਤਸਰ ਦਾ ਸਫਰ ਸਿਰਫ ਸਾਢੇ ਚਾਰ ਘੰਟਿਆਂ ਵਿੱਚ ਪੂਰਾ ਕਰਦੀ ਹੈ ਅਤੇ 4 ਘੰਟੇ ਵਿੱਚ ਜਲੰਧਰ ਸਿਟੀ ਕੈਂਟ ਸਟੇਸ਼ਨ ਪਹੁੰਚਦੀ ਹੈ ਪਰ ਹੁਣ ਜਲੰਧਰ ਸਿਟੀ ਵਿਚ ਵੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦਾ ਸਟਾਪੇਜ ਹੋਵੇਗਾ।
ਹੁਣ ਦਿੱਲੀ ਤੇ ਅੰਮ੍ਰਿਤਸਰ ਵਿਚਕਾਰ 6 ਸਟਾਪੇਜ ਹੋਣਗੇ
ਵੰਦੇ ਭਾਰਤ ਐਕਸਪ੍ਰੈਸ ਟਰੇਨ 30 ਦਸੰਬਰ ਨੂੰ ਸ਼ੁਰੂ ਹੋਈ ਸੀ। ਟਰੇਨ ਦੇ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਪਹਿਲਾਂ 5 ਸਟੇਸ਼ਨਾਂ 'ਤੇ ਸਟਾਪੇਜ ਸਨ ਪਰ ਹੁਣ ਜਲੰਧਰ ਸਿਟੀ ਸਟੇਸ਼ਨ 'ਤੇ ਰੁਕਣ ਕਾਰਨ ਕੁੱਲ ਸਟਾਪੇਜ ਦੀ ਗਿਣਤੀ 6 ਹੋ ਗਈ ਹੈ। ਅੰਮ੍ਰਿਤਸਰ ਤੋਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਸਵੇਰੇ 8.30 ਵਜੇ ਰਵਾਨਾ ਹੁੰਦੀ ਹੈ ਤੇ ਸਵੇਰੇ 9.24 ਵਜੇ ਜਲੰਧਰ ਸਟੇਸ਼ਨ ਕੈਂਟ ਪਹੁੰਚਦੀ ਹੈ ਪਰ ਹੁਣ ਇਹ 9.22 ਮਿੰਟ 'ਤੇ ਜਲੰਧਰ ਸਿਟੀ ਸਟੇਸ਼ਨ ਅਤੇ 9.24 ਮਿੰਟ 'ਤੇ ਕੈਂਟ ਸਟੇਸ਼ਨ ਪਹੁੰਚੇਗੀ ਅਤੇ ਇੱਥੋਂ ਇਹ 9.26 ਮਿੰਟ 'ਤੇ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ। ਇਸ ਤੋਂ ਬਾਅਦ ਇਹ ਟਰੇਨ 10.16 'ਤੇ ਲੁਧਿਆਣਾ, 11.34 'ਤੇ ਅੰਬਾਲਾ ਅਤੇ 1.50 'ਤੇ ਨਵੀਂ ਦਿੱਲੀ ਪਹੁੰਚਦੀ ਹੈ। ਇਹੀ ਰੇਲ ਗੱਡੀ ਵਾਪਸੀ ਵਿਚ ਨਵੀਂ ਦਿੱਲੀ ਤੋਂ ਬਾਅਦ ਦੁਪਹਿਰ 3.15 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 5.25 ਵਜੇ ਅੰਬਾਲਾ, 6.36 ਵਜੇ ਲੁਧਿਆਣਾ ਅਤੇ ਸ਼ਾਮ 7.26 ਵਜੇ ਜਲੰਧਰ ਪਹੁੰਚੇਗੀ। ਇਸ ਤੋਂ ਬਾਅਦ ਇਹ ਰਾਤ 8.35 ਵਜੇ ਅੰਮ੍ਰਿਤਸਰ ਪਹੁੰਚੇਗੀ।
ਸੰਸਦ ਮੈਂਬਰ ਰਿੰਕੂ ਨੇ ਪਹਿਲਾਂ ਤੋਂ ਚੱਲ ਰਹੀ ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਵਿੱਚ ਸਟਾਪੇਜ ਦੇਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਰੇਲ ਗੱਡੀ ਨੂੰ ਜਲੰਧਰ ਵਿੱਚ ਸਟਾਪੇਜ ਦੇਣ ਨਾਲ ਜਲੰਧਰ ਤੋਂ ਮਾਤਾ ਵੈਸ਼ਨੋ ਦੇਵੀ ਅਤੇ ਜੰਮੂ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਫਾਇਦਾ ਹੋਵੇਗਾ, ਜੋ ਲਗਭਗ ਅੱਧੇ ਸਮੇਂ ਵਿੱਚ ਉੱਥੇ ਪਹੁੰਚ ਸਕਣਗੇ। ਸੰਸਦ ਮੈਂਬਰ ਰਿੰਕੂ ਨੇ ਰੇਲ ਮੰਤਰੀ ਨੂੰ ਦੱਸਿਆ ਕਿ ਜਲੰਧਰ ਪੰਜਾਬ ਦਾ ਵੱਡਾ ਸਟੇਸ਼ਨ ਹੈ। ਇਸ ਸਟੇਸ਼ਨ 'ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਆਉਂਦੇ ਹਨ। ਵੰਦੇ ਭਾਰਤ ਟਰੇਨ ਦਾ ਸਭ ਤੋਂ ਵੱਧ ਲਾਭ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਹੋਵੇਗਾ, ਜਿਨ੍ਹਾਂ ਲਈ ਸਮਾਂ ਬਹੁਤ ਕੀਮਤੀ ਹੈ।