ਫਿਰੋਜ਼ਪੁਰ ਤੋਂ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਤਨੀ ਨੇ ਵਿਦੇਸ਼ੋਂ ਆਏ ਪਤੀ ਦਾ ਪਾਸਪੋਰਟ ਫਾੜ ਦਿੱਤਾ। ਇਹ ਮਾਮਲਾ ਪਿੰਡ ਸੋਢੀ ਨਗਰ ਦਾ ਹੈ।
ਕਰਜ਼ਾ ਲੈ ਕੇ ਨਿਊਜ਼ੀਲੈਂਡ ਦਾ ਲਵਾਇਆ ਸੀ ਵਿਜ਼ਾ
ਦੱਸ ਦੇਈਏ ਕਿ ਨੌਜਵਾਨ ਨੇ ਕਰਜ਼ਾ ਚੁੱਕ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਿਆ ਸੀ ਪਰ ਪਤਨੀ ਨੇ ਪਾਸਪੋਰਟ ਹੀ ਪਾੜ ਦਿੱਤਾ ਤਾਂ ਜੋ ਉਸ ਦਾ ਪਤੀ ਵਿਦੇਸ਼ ਨਾ ਜਾ ਸਕੇ। ਜਾਣਕਾਰੀ ਅਨੁਸਾਰ ਪਤੀ ਨੇ ਪੁਲਸ ਪ੍ਰਸ਼ਾਸਨ ਤੋਂ ਪਤਨੀ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪਾਸਪੋਰਟ ਫਾੜਨ ਦੀ ਇਹ ਵਜ੍ਹਾ ਆਈ ਸਾਹਮਣੇ
ਪਾਸਪੋਰਟ ਫਾੜਨ ਦੇ ਪਿੱਛੇ ਦਾ ਇਹ ਕਾਰਣ ਸਾਹਮਣੇ ਆਇਆ ਹੈ ਕਿ ਪਤਨੀ ਨਹੀਂ ਚਾਹੁੰਦੀ ਸੀ ਕਿ ਉਸ ਦਾ ਪਤੀ ਹੁਣ ਦੁਬਾਰਾ ਵਿਦੇਸ਼ ਨਾ ਜਾਵੇ। ਉਸ ਨੇ ਇਹ ਕਹਿ ਕੇ ਪਾਸਪੋਰਟ ਫਾੜਿਆ ਕਿ ਉਸ ਦਾ ਇਕੱਲੀ ਦਾ ਘਰ ਵਿੱਚ ਦਿਲ ਨਹੀਂ ਲੱਗਦਾ ਤੇ ਉਸ ਨੂੰ ਘਰ ਵੀ ਖਾਣ ਨੂੰ ਆਉਂਦਾ ਹੈ। ਉਸ ਦਾ ਕਹਿਣਾ ਹੈ ਕਿ ਮੇਰਾ ਪਤੀ ਮੇਰੇ ਨਾਲ ਹੀ ਰਵੇ। ਉਹ ਇਥੇ ਵੀ ਰਹਿ ਕੇ ਕਮਾ ਸਕਦਾ ਹੈ। ਬਾਹਰ ਜਾਣ ਦੀ ਕੀ ਲੋੜ ਹੈ। ਜਿਸ ਕਰ ਕੇ ਉਸ ਨੇ ਗੁੱਸੇ ਵਿਚ ਆ ਕੇ ਉਸ ਦਾ ਪਾਸਪੋਰਟ ਫਾੜ ਦਿੱਤਾ।
ਪੀੜਤ ਲੜਕੇ ਦੀ ਮਾਂ ਦਾ ਬਿਆਨ
ਪੀੜਤ ਲੜਕੇ ਦੀ ਮਾਂ ਨੇ ਇਸ ਬਾਰੇ ਦੱਸਿਆ ਕਿ ਸਾਡੇ ਪਿੰਡ ਨਸ਼ਾ ਬਹੁਤ ਵਿਕਦਾ ਹੈ। ਨੌਜਵਾਨ ਨਸ਼ੇ ਵਿਚ ਗਲਤਾਨ ਹੋ ਰਹੇ ਹਨ। ਨਸ਼ੇ ਦੀ ਲੱਤ ਤੋਂ ਬਚਣ ਲਈ ਆਪਣੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਦੁਬਈ ਵਿੱਚ ਕੰਮ ਲਈ ਭੇਜਿਆ ਹੋਇਆ ਸੀ। ਪੁੱਤ ਡੇਢ ਸਾਲ ਲਗਾ ਕੇ ਦੁਬਈ ਤੋਂ ਘਰ ਵਾਪਸ ਆਇਆ ਸੀ ਤੇ ਹੁਣ ਕਰਜ਼ਾ ਚੁੱਕ ਕੇ ਉਸ ਦਾ ਨਿਊਜ਼ੀਲੈਂਡ ਦਾ ਵਿਜ਼ਾ ਲਗਵਾਇਆ ਸੀ।
ਉਨ੍ਹਾਂ ਦਾ 4 ਲੱਖ ਦੇ ਕਰੀਬ ਖਰਚਾ ਹੋਇਆ ਤੇ ਅਗਲੇ ਮਹੀਨੇ ਉਸ ਨੇ ਨਿਊਜ਼ੀਲੈਂਡ ਜਾਣਾ ਸੀ ਪਰ ਉਸ ਦੀ ਘਰਵਾਲੀ ਨੇ ਗੁੱਸੇ ਵਿਚ ਆ ਕੇ ਪਾਸਪੋਰਟ ਫਾੜ ਦਿੱਤਾ ਤਾਂ ਜੋ ਉਹ ਵਿਦੇਸ਼ ਨਾ ਜਾ ਸਕੇ ਤੇ ਉਸ ਦੇ ਨਾਲ ਹੀ ਰਹੇ।