ਦੇਰ ਰਾਤ ਮੁਹਾਲੀ ਦੇ ਫੇਜ਼ 11 ਵਿੱਚ ਇੱਕ ਤੇਜ਼ ਰਫ਼ਤਾਰ ਕਰੂਜ਼ ਕਾਰ ਇੱਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 28 ਸਾਲਾ ਨੌਜਵਾਨ ਦੀ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਜੰਟ ਸਿੰਘ (28) ਵਜੋਂ ਹੋਈ ਹੈ। ਨੌਜਵਾਨ ਇਕ ਸਾਲ ਪਹਿਲਾਂ ਹੀ ਕੈਨੇਡਾ ਤੋਂ ਘਰ ਪਰਤਿਆ ਸੀ ਅਤੇ ਅਜੇ ਤੱਕ ਅਣਵਿਆਹਿਆ ਸੀ।
ਇਲਾਜ ਦੌਰਾਨ ਮੌਤ
ਲੋਕਾਂ ਮੁਤਾਬਕ ਕਾਰ ਕਾਫੀ ਤੇਜ਼ ਰਫਤਾਰ ਨਾਲ ਜਾ ਰਹੀ ਸੀ ਅਤੇ ਸੰਤੁਲਨ ਗੁਆਉਣ ਕਾਰਨ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਈ। ਇਸ ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਕਾਰ ਚਾਲਕ ਨੂੰ ਬਾਹਰ ਕੱਢਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਚਾਲਕ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪ੍ਰਾਪਰਟੀ ਡੀਲਿੰਗ ਦਾ ਕਰਦਾ ਸੀ ਕੰਮ
ਗੁਰਜੰਟ ਸਿੰਘ ਅਤੇ ਉਸ ਦੀਆਂ ਭੈਣਾਂ ਕੈਨੇਡੀਅਨ ਨਾਗਰਿਕ ਸਨ ਅਤੇ ਉਹ ਇਕ ਸਾਲ ਪਹਿਲਾਂ ਕੈਨੇਡਾ ਤੋਂ ਘਰ ਪਰਤਿਆ ਸੀ ਅਤੇ ਹੁਣ ਇੱਥੇ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਨ ਲੱਗਾ ਸੀ। ਉਸ ਦੀਆਂ ਭੈਣਾਂ ਦੇ ਕੈਨੇਡਾ ਤੋਂ ਆਉਣ ਤੋਂ ਬਾਅਦ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਬੇਟੇ ਦੀ ਮੌਤ ਦੀ ਖਬਰ ਮਿਲਦੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।