ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਯਾਨੀ LPU ਵਿੱਚ ਵਿਦਿਆਰਥੀਆਂ ਦੇ ਵਿਰੋਧ ਅਤੇ ਹੰਗਾਮੇ ਤੋਂ ਬਾਅਦ ਹੁਣ ਯੂਨੀਵਰਸਿਟੀ ਦੇ ਅੰਦਰ ਮੌਜੂਦ Uni Mall ਦੇ ਕਥਿਤ ਲੁੱਟਪਾਟ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਵਾਇਰਲ ਵੀਡੀਓਜ਼ ਵਿੱਚ ਕੁਝ ਲੋਕ ਦੁਕਾਨਾਂ ਦੇ ਅੰਦਰ ਜਾਂਦੇ ਅਤੇ ਇਲੈਕਟ੍ਰਾਨਿਕ ਸਮਾਨ, Shoes, ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਸਾਮਾਨ ਲੈ ਜਾਂਦੇ ਦਿਖਾਈ ਦੇ ਰਹੇ ਹਨ।
ਕੁਝ ਵੀਡੀਓਜ਼ ਵਿੱਚ ਲੋਕ Shoes ਦੀਆਂ ਦੁਕਾਨਾਂ ਵਿੱਚ ਆਪਣਾ ਸਾਈਜ਼ ਲੱਭਦੇ ਵੀ ਨਜ਼ਰ ਆ ਰਹੇ ਹਨ। ਇੱਕ ਵੀਡੀਓ ਵਿੱਚ ‘ਫ੍ਰੀ ਸ਼ਾਪਿੰਗ’ ਵਰਗੀਆਂ ਗੱਲਾਂ ਸੁਣਾਈ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਹੰਗਾਮੇ ਤੋਂ ਬਾਅਦ Uni Mall ਦੇ ਕੁਝ ਦੁਕਾਨਦਾਰਾਂ ਵੱਲੋਂ ਸਾਮਾਨ ਚੋਰੀ ਹੋਣ ਅਤੇ ਦੁਕਾਨਾਂ ਵਿੱਚ ਤੋੜਫੋੜ ਦੀ ਸ਼ਿਕਾਇਤ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।ਰਿਪੋਰਟਾਂ ਮੁਤਾਬਕ ਕੁਝ ਦੁਕਾਨਾਂ ਤੋਂ ਲੈਪਟਾਪ, ਮੋਬਾਈਲ, ਇਲੈਕਟ੍ਰਾਨਿਕ ਉਪਕਰਨ, ਕੂਰੀਅਰ ਦਾ ਸਾਮਾਨ ਅਤੇ ਹੋਰ ਚੀਜ਼ਾਂ ਗਾਇਬ ਹੋਣ ਦੀ ਗੱਲ ਕਹੀ ਗਈ ਹੈ।
ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। CCTV ਫੁਟੇਜ ਦੀ ਮਦਦ ਨਾਲ ਘਟਨਾ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਦਿਆਰਥੀ ਜਾਂ ਬਾਹਰੀ ਲੋਕ? ਜਾਂਚ ਤੋਂ ਬਾਅਦ ਹੋਵੇਗਾ ਸਪੱਸ਼ਟ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਦੁਕਾਨਾਂ ਵਿੱਚੋਂ ਸਾਮਾਨ ਲੈ ਕੇ ਜਾਣ ਵਾਲੇ ਲੋਕ LPU ਦੇ ਵਿਦਿਆਰਥੀ ਸਨ ਜਾਂ ਬਾਹਰੋਂ ਆਏ ਹੋਏ ਲੋਕ ਫਿਲਹਾਲ ਵਾਇਰਲ ਵੀਡੀਓਜ਼ ਵਿੱਚ ਦਿਖਾਈ ਦੇ ਰਹੇ ਹਰ ਵਿਅਕਤੀ ਦੀ ਪਛਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ। ਇਸ ਲਈ ਸੋਸ਼ਲ ਮੀਡੀਆ ‘ਤੇ ਚੱਲ ਰਹੇ ਦਾਅਵਿਆਂ ਦੇ ਆਧਾਰ ‘ਤੇ ਸਾਰੇ ਲੋਕਾਂ ਨੂੰ ਵਿਦਿਆਰਥੀ ਦੱਸਣਾ ਜਲਦਬਾਜ਼ੀ ਹੋਵੇਗੀ।
ਕਈ ਪੁਲਿਸ ਮੁਲਾਜ਼ਮ ਜ਼ਖਮੀ, SIT ਵੀ ਬਣਾਈ
SSP ਹਰਵਿੰਦਰ ਸਿੰਘ ਵਿਰਕ ਮੁਤਾਬਕ ਹੰਗਾਮੇ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ। ਉਨ੍ਹਾਂ ਮੁਤਾਬਕ ਯੂਨੀਵਰਸਿਟੀ ਕੈਂਪਸ ਵਿੱਚ ਕਥਿਤ ਰੇਪ ਦੀ ਘਟਨਾ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ ਅਤੇ ਕਿਸੇ ਮੁਲਜ਼ਮ ਦੀ ਪਛਾਣ ਵੀ ਨਹੀਂ ਕੀਤੀ ਗਈ।ਪੁਲਿਸ ਵੱਲੋਂ ਕਈ ਅਣਪਛਾਤੇ ਲੋਕਾਂ ਖਿਲਾਫ FIR ਦਰਜ ਕੀਤੀ ਗਈ ਹੈ। ਪੂਰੇ ਮਾਮਲੇ ਦੀ ਜਾਂਚ ਲਈ SIT ਵੀ ਬਣਾਈ ਗਈ ਹੈ।









