ਜੈਪੁਰ 'ਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅਜਮੇਰ ਰੋਡ 'ਤੇ LPG ਗੈਸ ਨਾਲ ਭਰੇ ਇੱਕ ਟੈਂਕਰ 'ਚ ਧਮਾਕਾ ਹੋ ਗਿਆ। ਧਮਾਕਾ ਇੰਨਾ ਤੇਜ਼ ਹੋਇਆ ਕਿ ਆਲੇ-ਦੁਆਲੇ ਖੜ੍ਹੇ ਸਾਰੇ ਵਾਹਨ ਬਲਾਸਟ ਦੀ ਲਪੇਟ 'ਚ ਆ ਗਏ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਲੋਕਾਂ 'ਚ ਹਫੜਾ-ਦਫੜੀ ਮੱਚ ਗਈ। ਦੱਸ ਦਈਏ ਕਿ ਇਹ ਹਾਦਸਾ ਪੈਟਰੋਲ ਪੰਪ ਨੇੜੇ ਵਾਪਰਿਆ। ਹਾਲ ਹੀ 'ਚ ਇਸ ਹਾਦਸੇ 'ਚ ਕਈ ਲੋਕਾਂ ਦੇ ਝੁਲਸ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ।
8 ਲੋਕ ਜਿੰਦਾਂ ਸੜੇ, 35 ਲੋਕ ਝੁਲਸੇ
ਇਸ ਹਾਦਸੇ 'ਚ ਹੁਣ ਤੱਕ 8 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਤੇ 35 ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਧਮਾਕੇ ਦੀ ਲਪੇਟ 'ਚ 30 ਤੋਂ ਵੱਧ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਅਜੇ ਤੱਕ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਅਸਮਾਨ ਵੀ ਕਾਲੇ ਧੂੰਏਂ ਨਾਲ ਭਰਿਆ ਹੋਇਆ ਹੈ ਜੋ ਕਿ ਕਈ ਕਿਲੋਮੀਟਰ ਤੱਕ ਦਿਖਾਈ ਦੇ ਰਿਹਾ ਹੈ।
ਨੇੜੇ ਖੜ੍ਹੀ ਬੱਸ ਨੂੰ ਵੀ ਲੱਗੀ ਅੱਗ
ਮਿਲੀ ਜਾਣਕਾਰੀ ਅਨੁਸਾਰ ਸਵੇਰੇ ਸਾਢੇ ਪੰਜ ਵਜੇ ਭੰਕਰੋਟਾ ਨੇੜੇ ਦੋ ਟਰੱਕਾਂ ਦੀ ਟੱਕਰ ਹੋ ਗਈ। ਇਸ ਦੌਰਾਨ ਸੀਐਨਜੀ ਟੈਂਕ ਵਿੱਚ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ। ਧਮਾਕੇ ਦੀ ਲਪੇਟ 'ਚ ਨੇੜੇ ਖੜ੍ਹੇ ਵਾਹਨ ਵੀ ਨੁਕਸਾਨੇ ਗਏ। ਇਸ ਤੋਂ ਇਲਾਵਾ ਸਵਾਰੀਆਂ ਨਾਲ ਭਰੀ ਬੱਸ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ 'ਚ ਬੈਠੇ ਕੁਝ ਲੋਕ ਸਮੇਂ ਸਿਰ ਹੇਠਾਂ ਆ ਗਏ ਪਰ ਕੁਝ ਲੋਕ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਏ।
ਬਾਹਰ ਨਹੀਂ ਨਿਕਲ ਸਕੇ ਲੋਕ
ਜੈਪੁਰ ਅਜਮੇਰ ਰੋਡ 'ਤੇ ਪੈਟਰੋਲ ਪੰਪ 'ਤੇ ਹੋਏ ਇਸ ਹਾਦਸੇ ਕਾਰਨ ਹਾਈਵੇਅ 'ਤੇ ਵਾਹਨਾਂ ਨੂੰ ਵੀ ਮੋੜ ਦਿੱਤਾ ਗਿਆ | ਜਿਸ ਸਥਾਨ 'ਤੇ ਹਾਦਸਾ ਹੋਇਆ, ਉਸ ਦੇ ਆਸ-ਪਾਸ ਦੇ ਪ੍ਰਾਈਵੇਟ ਸਕੂਲਾਂ 'ਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਇਸ ਹਾਦਸੇ 'ਚ 40 ਗੱਡੀਆਂ ਨੂੰ ਵੀ ਅੱਗ ਲੱਗ ਗਈ, ਜਿਨ੍ਹਾਂ 'ਚੋਂ ਕੁਝ ਅਜਿਹੇ ਸਨ ਕਿ ਲੋਕ ਬਾਹਰ ਨਹੀਂ ਨਿਕਲ ਸਕੇ।