ਚੰਡੀਗੜ੍ਹ ਵਿੱਚ ਸੋਮਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਸ਼ਹਿਰ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਸੂਚਨਾ ਸਾਹਮਣੇ ਆਈ। ਪੁਲਿਸ ਕੰਟਰੋਲ ਰੂਮ ਨੂੰ ਮਿਲੇ ਧਮਕੀ ਭਰੇ ਸੁਨੇਹੇ ਵਿੱਚ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਸਥਿਤ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ।ਸੂਚਨਾ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਚੌਕਸ ਹੋ ਗਈਆਂ ਅਤੇ ਸਬੰਧਤ ਸਕੂਲਾਂ ਵਿੱਚ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਗਈ।
ਇਨ੍ਹਾਂ ਸਕੂਲਾਂ ਦੇ ਨਾਮ ਧਮਕੀ ਵਿੱਚ ਸ਼ਾਮਲ
ਪੁਲਿਸ ਕੰਟਰੋਲ ਰੂਮ ਨੂੰ ਮਿਲੇ ਸੁਨੇਹੇ ਵਿੱਚ ਏਅਰਫੋਰਸ ਸਕੂਲ ਸੈਕਟਰ-31, ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਸੈਕਟਰ-28, ਡੀਏਵੀ ਮਾਡਲ ਸਕੂਲ ਸੈਕਟਰ-15, ਸੇਂਟ ਸਟੀਫਨ ਸਕੂਲ ਸੈਕਟਰ-45 ਅਤੇ ਅਜੀਤ ਸਕੂਲ ਸੈਕਟਰ-41 ਤੇ 45 ਦੇ ਨਾਮ ਸ਼ਾਮਲ ਹੋਣ ਦੀ ਜਾਣਕਾਰੀ ਹੈ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਅੰਕੁਰ ਸਕੂਲ ਨੂੰ ਲੈ ਕੇ ਵੀ ਧਮਕੀ ਭਰਿਆ ਸੁਨੇਹਾ ਮਿਲਣ ਦੀ ਗੱਲ ਸਾਹਮਣੇ ਆਈ ਹੈ।
ਸਕੂਲਾਂ ਵਿੱਚ ਪਹੁੰਚੀ ਪੁਲਿਸ
ਧਮਕੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮਾਂ ਸਬੰਧਤ ਸਕੂਲਾਂ ਵਿੱਚ ਪਹੁੰਚ ਗਈਆਂ। ਸਕੂਲਾਂ ਦੇ ਕੈਂਪਸ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਸੁਰੱਖਿਆ ਦੇ ਮੱਦੇਨਜ਼ਰ ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਅਲਰਟ ਕੀਤਾ ਗਿਆ ਹੈ। ਪੁਲਿਸ ਵੱਲੋਂ ਹਰ ਸੰਭਵ ਥਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਫਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।









