ਸ਼ੰਭੂ ਬਾਰਡਰ ਤੋਂ ਇਕ ਕਿਸਾਨ ਵਲੋਂ ਖੁਦਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੱਸ ਦੇਈਏ ਕਿ ਕਿਸਾਨਾਂ ਦੇ ਅੱਜ ਤੀਜੀ ਵਾਰ ਦਿੱਲੀ ਕੂਚ ਦੌਰਾਨ ਸ਼ੰਭੂ ਸਰਹੱਦ 'ਤੇ ਮਾਹੌਲ ਗਰਮਾ ਗਿਆ। ਜਾਣਕਾਰੀ ਅਨੁਸਾਰ ਸ਼ੰਭੂ ਸਰਹੱਦ 'ਤੇ ਇਕ ਕਿਸਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਸਾਨ ਦੀ ਪਛਾਣ ਜੋਧ ਸਿੰਘ ਵਜੋਂ ਹੋਈ। ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਕਿਸਾਨ ਸ਼ਨੀਵਾਰ ਨੂੰ ਮੋਰਚੇ 'ਚ ਪਹੁੰਚਿਆ ਸੀ
ਇਹ ਕਿਸਾਨ ਖੰਨਾ ਦਾ ਰਹਿਣ ਵਾਲਾ ਸੀ ਅਤੇ ਸ਼ਨੀਵਾਰ ਨੂੰ ਮੋਰਚੇ 'ਚ ਪਹੁੰਚਿਆ ਸੀ। ਸੂਤਰਾਂ ਦੀ ਮੰਨੀਏ ਤਾਂ ਉਸ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਕਿਸਾਨਾਂ ਨੂੰ ਅੱਜ ਤੀਜੀ ਵਾਰ ਹਰਿਆਣਾ ਪੁਲਸ ਨੇ ਦਿੱਲੀ ਨਹੀਂ ਜਾਣ ਦਿੱਤਾ, ਇਸ ਤੋਂ ਪਹਿਲਾਂ ਦੁਪਹਿਰ 12 ਵਜੇ 101 ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਸੀ। ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਰੋਕ ਦਿੱਤਾ ਗਿਆ। ਕਿਸਾਨਾਂ ਨੇ ਪੁਲਸ ਨਾਲ 40 ਮਿੰਟ ਤੱਕ ਬਹਿਸ ਕੀਤੀ ਪਰ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਬਾਅਦ ਪੁਲਸ ਨੇ ਅੱਥਰੂ ਗੈਸ ਅਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ।
16 ਦਸੰਬਰ ਨੂੰ ਟਰੈਕਟਰ ਮਾਰਚ
ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਉਹ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਕੱਢਣਗੇ।
18 ਦਸੰਬਰ ਨੂੰ ਰੇਲਾਂ ਦਾ ਚੱਕਾ ਜਾਮ
ਪੰਜਾਬ ਵਿੱਚ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਰੇਲ ਰੋਕੋ ਮੁਹਿੰਮ ਵੀ ਚਲਾਈ ਜਾਵੇਗੀ। ਕਿਸਾਨਾਂ ਦੀ ਕੋਈ ਵੀ ਜਥੇਬੰਦੀ 18 ਤਰੀਕ ਤੱਕ ਦਿੱਲੀ ਨਹੀਂ ਜਾਵੇਗੀ। ਮਾਰਚ ਕਾਰਨ ਹਰਿਆਣਾ ਸਰਕਾਰ ਨੇ ਹੁਣ ਅੰਬਾਲਾ ਜ਼ਿਲ੍ਹੇ ਦੇ 12 ਪਿੰਡਾਂ ਵਿੱਚ ਇੰਟਰਨੈੱਟ ਦੀ ਪਾਬੰਦੀ 18 ਦਸੰਬਰ ਤੱਕ ਵਧਾ ਦਿੱਤੀ ਹੈ।