ਜਲੰਧਰ ਅਤੇ ਪਠਾਨਕੋਟ ਵਿੱਚ ਸ਼ਨੀਵਾਰ ਸਵੇਰੇ ਹਲਕੀ ਬਾਰਿਸ਼ ਹੋਈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਦੇ ਨਾਲ ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਚੰਡੀਗੜ੍ਹ ਵਿੱਚ ਆਸਮਾਨ ਅੰਸ਼ਿਕ ਤੌਰ ‘ਤੇ ਬੱਦਲਾਂ ਨਾਲ ਘਿਰਿਆ ਰਹੇਗਾ ਅਤੇ ਇੱਕ-ਦੋ ਵਾਰ ਮੀਂਹ ਜਾਂ ਗਰਜ-ਚਮਕ ਨਾਲ ਛਿੱਟੇ ਪੈ ਸਕਦੇ ਹਨ।
ਮੌਸਮ ਵਿੱਚ ਬਦਲਾਅ ਕਾਰਨ ਚੰਡੀਗੜ੍ਹ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਪੰਜਾਬ ਵਿੱਚ ਸਭ ਤੋਂ ਵੱਧ 35.8 ਡਿਗਰੀ ਸੈਲਸੀਅਸ ਤਾਪਮਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ ਮਾਨਸੂਨ ਟਰਫ ਇਸ ਸਮੇਂ ਅੰਮ੍ਰਿਤਸਰ ਤੋਂ ਹੋ ਕੇ ਲੰਘ ਰਹੀ ਹੈ, ਜਿਸ ਕਾਰਨ ਪੰਜਾਬ ਵਿੱਚ ਮੀਂਹ ਲਈ ਅਨੁਕੂਲ ਹਾਲਾਤ ਬਣੇ ਹੋਏ ਹਨ।ਇਸ ਦੇ ਨਾਲ ਹੀ ਉੱਤਰੀ ਹਰਿਆਣਾ ਦੇ ਉੱਪਰ ਬਣਿਆ ਉੱਪਰੀ ਹਵਾ ਦਾ ਚੱਕਰਵਾਤੀ ਸਰਕੂਲੇਸ਼ਨ ਵੀ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਨ੍ਹਾਂ ਮੌਸਮੀ ਹਾਲਾਤਾਂ ਦੇ ਚਲਦਿਆਂ ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।









