ਮਾਨਸਾ ਦੇ ਝੁਨੀਰ ‘ਚ ਬੁੱਧਵਾਰ ਨੂੰ ਹੋਈ ‘ਨਸ਼ਾ ਮੁਕਤ ਰੈਲੀ’ ਤੋਂ ਵਾਪਸ ਆ ਰਹੇ ਭਾਜਪਾ ਆਗੂਆਂ ਦੀ ਕਾਰ ਧਰਮੂਕੋਟ ਨੇੜੇ ਹਾਦਸਾਗ੍ਰਸਤ ਹੋ ਗਈ। ਨੈਸ਼ਨਲ ਹਾਈਵੇ ‘ਤੇ ਪਿੰਡ ਕੋਟ ਧਰਮੂ ਦੇ ਨੇੜੇ ਕਾਰ ਦੀ ਇੱਕ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ।
ਹਾਦਸੇ ਸਮੇਂ ਕਾਰ ‘ਚ 6 ਲੋਕ ਸਵਾਰ ਸਨ। ਟੱਕਰ ਇੰਨੀ ਭਿਆਨਕ ਸੀ ਕਿ ਪਿੰਡ ਰਾਮਦਿੱਤੇ ਵਾਲਾ ਵਾਸੀ ਅਰਸ਼ਦੀਪ ਸਿੰਘ ਉਰਫ਼ ਜਸ਼ਨ (23) ਦੀ ਮੌਕੇ ‘ਤੇ ਹੀ ਮੌਤ ਹੋ ਗਈ।ਹਾਦਸੇ ‘ਚ ਪੰਜ ਹੋਰ ਲੋਕ ਗੰਭੀਰ ਜ਼ਖ਼ਮੀ ਹੋਏ ਹਨ। BJP ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ DMC ਰੈਫਰ ਕੀਤਾ ਗਿਆ ਹੈ। ਜਦਕਿ ਸੁਨੀਲ ਕੁਮਾਰ, ਭੀਮ, ਮੋਹਿਤ ਸਿੰਗਲਾ ਅਤੇ ਨਵਦੀਪ ਸਿੰਘ ਨੂੰ ਬਠਿੰਡਾ AIIMS ਰੈਫਰ ਕੀਤਾ ਗਿਆ ਹੈ।ਮ੍ਰਿਤਕ ਅਰਸ਼ਦੀਪ ਸਿੰਘ ਅਤੇ ਜ਼ਖ਼ਮੀ ਨਵਦੀਪ ਸਿੰਘ ਸਕੇ ਭਰਾ ਦੱਸੇ ਜਾ ਰਹੇ ਹਨ।
ਹਾਦਸੇ ਤੋਂ ਬਾਅਦ ਭਾਜਪਾ ਨੇ ਮਾਨਸਾ ਅਤੇ ਬੋਹਾ ‘ਚ ਹੋਣ ਵਾਲੀਆਂ ਅਗਾਮੀ ‘ਨਸ਼ਾ ਮੁਕਤ ਰੈਲੀਆਂ’ ਨੂੰ ਮੁਲਤਵੀ ਕਰ ਦਿੱਤਾ ਹੈ। ਇਨ੍ਹਾਂ ਰੈਲੀਆਂ ਨੂੰ ਭਾਜਪਾ ਆਗੂ ਬਾਂਸੁਰੀ ਸਵਰਾਜ ਵੱਲੋਂ ਸੰਬੋਧਨ ਕੀਤਾ ਜਾਣਾ ਸੀ।









