ਪੰਜਾਬ ਵਿੱਚ ਇਨਫਲੂਐਂਜ਼ਾ-A (H1N1), ਜਿਸ ਨੂੰ ਆਮ ਤੌਰ ‘ਤੇ ਸਵਾਈਨ ਫਲੂ ਕਿਹਾ ਜਾਂਦਾ ਹੈ, ਦੇ ਮਾਮਲੇ ਵਧ ਰਹੇ ਹਨ। ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ 1 ਜਨਵਰੀ ਤੋਂ ਹੁਣ ਤੱਕ ਸੂਬੇ ਵਿੱਚ 1,926 ਕੈਟੇਗਰੀ-C ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 347 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਲੁਧਿਆਣਾ ਅਤੇ ਜਲੰਧਰ ਵਿੱਚ ਇੱਕ-ਇੱਕ ਮੌਤ ਦੀ ਵੀ ਰਿਪੋਰਟ ਹੈ।
ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ ਸਭ ਤੋਂ ਅੱਗੇ ਹੈ। ਇੱਥੇ 746 ਕੈਟੇਗਰੀ-C ਸ਼ੱਕੀ ਮਾਮਲੇ ਅਤੇ 95 ਪਾਜ਼ੀਟਿਵ ਕੇਸ ਦਰਜ ਹੋਏ ਹਨ। ਇਸ ਤੋਂ ਬਾਅਦ ਪਟਿਆਲਾ ਅਤੇ ਮੋਹਾਲੀ ਵਿੱਚ 49-49, ਜਲੰਧਰ ਵਿੱਚ 21, ਅੰਮ੍ਰਿਤਸਰ ਵਿੱਚ 15 ਅਤੇ ਮੋਗਾ ਵਿੱਚ 14 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
ਸਿਹਤ ਵਿਭਾਗ ਮੁਤਾਬਕ ਕੈਟੇਗਰੀ-C ਨੂੰ ਸਿੱਧੇ ਤੌਰ ‘ਤੇ H1N1 ਦੀ ਪੁਸ਼ਟੀ ਨਹੀਂ ਮੰਨਿਆ ਜਾਂਦਾ। ਇਹ ਗੰਭੀਰ ਜਾਂ ਜਟਿਲ ਇਨਫਲੂਐਂਜ਼ਾ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਸ਼੍ਰੇਣੀ ਹੈ। ਸਾਹ ਲੈਣ ਵਿੱਚ ਦਿੱਕਤ, ਛਾਤੀ ਵਿੱਚ ਦਰਦ, ਬਹੁਤ ਜ਼ਿਆਦਾ ਸੁਸਤੀ, ਘੱਟ ਬਲੱਡ ਪ੍ਰੈਸ਼ਰ ਜਾਂ ਖੂਨ ਵਾਲੀ ਬਲਗਮ ਵਰਗੇ ਲੱਛਣ ਗੰਭੀਰਤਾ ਦੇ ਸੰਕੇਤ ਹੋ ਸਕਦੇ ਹਨ।
ਸਵਾਈਨ ਫਲੂ ਦੇ ਆਮ ਲੱਛਣ
ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਨੱਕ ਵਗਣਾ ਜਾਂ ਬੰਦ ਹੋਣਾ, ਸਿਰ ਦਰਦ, ਸਰੀਰ ਵਿੱਚ ਦਰਦ, ਠੰਢ ਅਤੇ ਥਕਾਵਟ ਇਸ ਦੇ ਆਮ ਲੱਛਣ ਹਨ। ਕੁਝ ਮਾਮਲਿਆਂ ਵਿੱਚ ਉਲਟੀਆਂ ਜਾਂ ਦਸਤ ਵੀ ਹੋ ਸਕਦੇ ਹਨ।
ਸਿਹਤ ਵਿਭਾਗ ਨੇ ਖਾਸ ਤੌਰ ‘ਤੇ ਬਜ਼ੁਰਗਾਂ, ਗਰਭਵਤੀ ਔਰਤਾਂ, ਘੱਟ ਇਮਿਊਨਿਟੀ ਵਾਲੇ ਲੋਕਾਂ ਅਤੇ ਪਹਿਲਾਂ ਤੋਂ ਬਿਮਾਰ ਵਿਅਕਤੀਆਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਸੂਬੇ ਦੇ ਹਸਪਤਾਲਾਂ ਵਿੱਚ ਫਲੂ ਕਾਰਨਰ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।









