ਕੈਨੇਡਾ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਬਲਜੀਤ ਸਿੰਘ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਲ 2022 ਵਿੱਚ ਖ਼ਤਰਨਾਕ ਢੰਗ ਨਾਲ ਟਰੱਕ ਚਲਾਉਂਦੇ ਹੋਏ ਉਸ ਨੇ ਇੱਕ ਔਰਤ ਅਤੇ ਉਸ ਦੇ 11 ਸਾਲਾ ਪੁੱਤਰ ਦੀ ਜਾਨ ਲੈ ਲਈ ਸੀ, ਜਦਕਿ ਹਾਦਸੇ ਵਿੱਚ 10 ਹੋਰ ਲੋਕ ਜ਼ਖ਼ਮੀ ਹੋ ਗਏ ਸਨ।
29 ਸਾਲਾ ਬਲਜੀਤ ਸਿੰਘ ਨੂੰ ਕਿਊਬੈੱਕ ਦੀ ਅਦਾਲਤ ਨੇ ਸਜ਼ਾ ਸੁਣਾਉਣ ਦੇ ਨਾਲ 10 ਸਾਲ ਤੱਕ ਵਾਹਨ ਚਲਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਵਿੱਚ ਸਰਕਾਰੀ ਵਕੀਲ ਅਤੇ ਬਚਾਅ ਪੱਖ ਵੱਲੋਂ ਸਾਂਝੀ ਸਜ਼ਾ ਦੀ ਸਿਫ਼ਾਰਸ਼ ਪੇਸ਼ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ।
ਮਾਮਲੇ ਵਿੱਚ ਸਾਹਮਣੇ ਆਇਆ ਕਿ ਹਾਦਸੇ ਸਮੇਂ ਬਲਜੀਤ ਸਿੰਘ ਆਪਣੇ ਮੋਬਾਈਲ ਫੋਨ ’ਤੇ ਆਨਲਾਈਨ ਗੇਮ ਖੇਡ ਰਿਹਾ ਸੀ। ਇਸ ਦੌਰਾਨ ਹੋਈ ਟੱਕਰ ਵਿੱਚ 42 ਸਾਲਾ ਨੈਂਸੀ ਲੈਫਰਾਂਸਵਾ ਅਤੇ ਉਸ ਦੇ 11 ਸਾਲਾ ਪੁੱਤਰ ਲੋਇਕ ਦੀ ਮੌਤ ਹੋ ਗਈ ਸੀ।
ਹਾਦਸੇ ਤੋਂ ਬਾਅਦ ਬਲਜੀਤ ਸਿੰਘ ਨੂੰ ਸਦਮੇ ਅਤੇ ਘਬਰਾਹਟ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਪਰ ਉਹ ਅਗਲੇ ਹੀ ਦਿਨ ਉਥੋਂ ਫ਼ਰਾਰ ਹੋ ਗਿਆ। ਜਾਂਚ ਵਿੱਚ ਪਤਾ ਲੱਗਾ ਕਿ ਉਹ ਪਹਿਲਾਂ ਟੋਰਾਂਟੋ ਗਿਆ, ਫਿਰ ਭਾਰਤ ਪਹੁੰਚਿਆ ਅਤੇ ਬਾਅਦ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਜਾ ਕੇ ਰਹਿਣ ਲੱਗਾ।
ਕੈਨੇਡੀਅਨ ਅਧਿਕਾਰੀਆਂ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਕੌਮਾਂਤਰੀ ਵਾਰੰਟ ਜਾਰੀ ਕੀਤਾ ਗਿਆ। ਆਖ਼ਰਕਾਰ 2025 ਵਿੱਚ ਅਮਰੀਕੀ ਸੰਘੀ ਏਜੰਸੀਆਂ ਨੇ ਉਸ ਨੂੰ ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ਵਿੱਚ ਕੈਨੇਡਾ ਹਵਾਲੇ ਕਰ ਦਿੱਤਾ ਗਿਆ।ਬਲਜੀਤ ਸਿੰਘ ਨੇ ਅਪ੍ਰੈਲ ਵਿੱਚ ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਹੋਣ ਦੇ ਦੋਸ਼ ਕਬੂਲ ਕਰ ਲਏ ਸਨ। ਹੁਣ ਅਦਾਲਤ ਵੱਲੋਂ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।









