ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੇ 6 ਅਯੋਗ ਤੇ 3 ਆਜ਼ਾਦ ਵਿਧਾਇਕਾਂ ਨੇ ਭਾਜਪਾ ਨਾਲ ਹੱਥ ਮਿਲਾ ਲਿਆ ਹੈ। ਇਨ੍ਹਾਂ 6 ਬਾਗੀ ਸਾਬਕਾ ਵਿਧਾਇਕਾਂ ਵਿੱਚ ਸੁਧੀਰ ਸ਼ਰਮਾ, ਰਵੀ ਠਾਕੁਰ, ਇੰਦਰ ਦੱਤ ਲਖਨਪਾਲ, ਦੇਵੇਂਦਰ ਭੁੱਟੋ, ਰਾਜਿੰਦਰ ਰਾਣਾ ਤੇ ਚੈਤੰਨਿਆ ਸ਼ਰਮਾ, ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਰਾਜੀਵ ਬਿੰਦਲ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸ਼ਾਮਲ ਹਨ।
3 ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਨਾਲ ਹੱਥ ਮਿਲਾਇਆ
ਸ਼ੁੱਕਰਵਾਰ ਨੂੰ ਰਾਜ ਸਭਾ ਚੋਣਾਂ 'ਚ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਕਰੀਬ 25 ਦਿਨਾਂ ਬਾਅਦ ਹਿਮਾਚਲ ਪਰਤੇ ਇਨ੍ਹਾਂ ਆਜ਼ਾਦ ਵਿਧਾਇਕਾਂ ਨੇ ਸ਼ਿਮਲਾ ਵਿੱਚ ਵਿਧਾਨ ਸਭਾ ਸਕੱਤਰ ਨੂੰ ਆਪਣੇ ਅਸਤੀਫ਼ੇ ਸੌਂਪ ਦਿੱਤੇ ਹਨ।
ਇਸ ਸਮੇਂ ਹਿਮਾਚਲ 'ਚ ਕਾਂਗਰਸ ਦੇ 34 ਵਿਧਾਇਕ ਹਨ ਜਦਕਿ ਭਾਜਪਾ ਦੇ 25 ਵਿਧਾਇਕ ਹਨ। ਸ਼ਨੀਵਾਰ ਨੂੰ 9 ਵਿਧਾਇਕ ਭਾਜਪਾ 'ਚ ਸ਼ਾਮਲ ਹੋ ਰਹੇ ਹਨ ਤੇ ਉਨ੍ਹਾਂ ਸਾਰੀਆਂ ਸੀਟਾਂ 'ਤੇ ਉਪ ਚੋਣਾਂ ਹੋਣੀਆਂ ਹਨ। ਜੇਕਰ ਇਹ ਸਾਰੇ 9 ਜਿੱਤ ਜਾਂਦੇ ਹਨ ਤਾਂ ਅਜਿਹੀ ਸਥਿਤੀ 'ਚ ਭਾਜਪਾ ਦੇ 34 ਵਿਧਾਇਕ ਹੋਣਗੇ ਯਾਨੀ ਕਾਂਗਰਸ ਅਤੇ ਭਾਜਪਾ ਬਰਾਬਰੀ 'ਤੇ ਆ ਜਾਣਗੇ।
ਪਾਰਟੀ ਮਜ਼ਬੂਤ ਹੋਵੇਗੀ : ਅਨੁਰਾਗ ਠਾਕੁਰ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਹਿਮਾਚਲ ਵਿੱਚ ਕਾਂਗਰਸ ਦੇ ਵਾਅਦੇ ਓਨੇ ਹੀ ਝੂਠੇ ਹਨ, ਜਿੰਨੇ ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਸਨ। ਇਸ ਦਾ ਸਬੂਤ ਛੇ ਵਿਧਾਇਕਾਂ ਵੱਲੋਂ ਪਾਰਟੀ ਛੱਡਣਾ ਹੈ।
ਜਾਣਕਾਰੀ ਮੁਤਾਬਕ ਬਾਗੀ ਵਿਧਾਇਕ ਹੁਣ ਆਪਣੀ ਮੈਂਬਰਸ਼ਿਪ ਬਚਾਉਣ ਲਈ ਸੁਪਰੀਮ ਕੋਰਟ 'ਚ ਦਿੱਤੀ ਗਈ ਪਟੀਸ਼ਨ ਨੂੰ ਵਾਪਸ ਲੈ ਲੈਣਗੇ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸਾਰੇ ਵਿਧਾਇਕ ਹੁਣ ਸ਼ਿਮਲਾ ਵਾਪਸ ਪਰਤਣਗੇ। ਸ਼ਿਮਲਾ ਦੇ ਪੀਟਰਹਾਫ ਵਿਖੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।