ਐਤਵਾਰ, ੧੫ ਵੈਸਾਖ (ਸੰਮਤ ੫੫੭ ਨਾਨਕਸ਼ਾਹੀ)
ਰਾਮਕਲੀ ਮਹਲਾ ੧ ਸਿਧ ਗੋਸਟਿ
ੴ ਸਤਿਗੁਰ ਪ੍ਰਸਾਦਿ ॥
ਗੁਰਮੁਖਿ ਚੂਕੈ ਆਵਣ ਜਾਣੁ ॥ ਗੁਰਮੁਖਿ ਦਰਗਹ ਪਾਵੈ ਮਾਣੁ ॥ ਗੁਰਮੁਖਿ ਖੋਟੇ ਖਰੇ ਪਛਾਣੁ ॥ ਗੁਰਮੁਖਿ ਲਾਗੈ ਸਹਜਿ ਧਿਆਨੁ ॥ ਗੁਰਮੁਖਿ ਦਰਗਹ ਸਿਫਤਿ ਸਮਾਇ ॥ ਨਾਨਕ ਗੁਰਮੁਖਿ ਬੰਧੁ ਨ ਪਾਇ ॥੪੧॥ ਗੁਰਮੁਖਿ ਨਾਮੁ ਨਿਰੰਜਨ ਪਾਏ ॥ ਗੁਰਮੁਖਿ ਹਉਮੈ ਸਬਦਿ ਜਲਾਏ ॥ ਗੁਰਮੁਖਿ ਸਾਚੇ ਕੇ ਗੁਣ ਗਾਏ ॥ ਗੁਰਮੁਖਿ ਸਾਚੈ ਰਹੈ ਸਮਾਏ ॥ ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ ॥ ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥੪੨॥ ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਕਵਣ ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥੪੩॥ ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥ ਮੈਣ ਕੇ ਦੰਤ ਕਿਉ ਖਾਈਐ ਸਾਰੁ ॥ ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥ ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥ ਕਵਨ ਗੁਫਾ ਜਿਤੁ ਰਹੈ ਅਵਾਹਨੁ ॥ ਇਤ ਉਤ ਕਿਸ ਕਉ ਜਾਣਿ ਸਮਾਵੈ ॥ ਕਵਨ ਧਿਆਨੁ ਮਨੁ ਮਨਹਿ ਸਮਾਵੈ ॥੪੫॥
( ਵਿਆਖਿਆ )
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਲੈਂਦਾ ਹੈ । ਗੁਰੂ ਦੇ ਸਨਮੁਖ ਮਨੁੱਖ ਖੋਟੇ ਤੇ ਖਰੇ ਕੰਮਾਂ ਦਾ ਭੇਤੀ ਹੋ ਜਾਂਦਾ ਹੈ (ਇਸ ਵਾਸਤੇ ਖੋਟੇ ਕੰਮਾਂ ਵਿਚ ਫਸਦਾ ਨਹੀਂ ਤੇ) ਅਡੋਲਤਾ ਵਿਚ ਉਸ ਦੀ ਸੁਰਤਿ ਜੁੜੀ ਰਹਿੰਦੀ ਹੈ । ਗੁਰਮੁਖਿ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ, (ਇਸ ਤਰ੍ਹਾਂ) ਹੇ ਨਾਨਕ! ਗੁਰਮੁਖ (ਦੀ ਜ਼ਿੰਦਗੀ) ਦੇ ਰਾਹ ਵਿਚ (ਵਿਕਾਰਾਂ ਦੀ) ਕੋਈ ਰੋਕ ਨਹੀਂ ਪੈਂਦੀ ।੪੧। ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਨਿਰੰਜਨ ਦਾ ਨਾਮ ਪ੍ਰਾਪਤ ਕਰਦਾ ਹੈ (ਕਿਉਂਕਿ) ਉਹ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ । ਗੁਰੂ ਦੇ ਸਨਮੁਖ ਹੋ ਕੇ ਮਨੁੱਖ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ । ਸੱਚੇ ਨਾਮ ਵਿਚ ਜੁੜੇ ਰਹਿਣ ਕਰਕੇ ਗੁਰਮੁਖ ਨੂੰ ਉੱਚੀ ਇੱਜ਼ਤ ਮਿਲਦੀ ਹੈ, ਹੇ ਨਾਨਕ! ਗੁਰਮੁਖ ਮਨੁੱਖ ਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ (ਭਾਵ, ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਸਾਰੇ ਹੀ ਭਵਨਾਂ ਵਿਚ ਮੌਜੂਦ ਹੈ) । (ਪ੍ਰਸ਼ਨ :)—(ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ? ਤੂੰ ਕਿਸ ਗੁਰੂ ਦਾ ਚੇਲਾ ਹੈਂ? ਕੇਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ ਹੈਂ? ਨਾਨਕ ਕਹਿੰਦਾ ਹੈ (ਜੋਗੀਆਂ ਨੇ ਕਿਹਾ—) ਹੇ ਬਾਲਕ (ਨਾਨਕ!) ਸੁਣ, (ਅਸਾਨੂੰ) ਇਸ ਗੱਲ ਦੀ ਭੀ ਵਿਚਾਰ ਦੱਸ (ਅਸਾਨੂੰ ਇਹ ਗੱਲ ਭੀ ਸਮਝਾ ਕਿ ਕਿਵੇਂ) ਸ਼ਬਦ ਦੀ ਰਾਹੀਂ (ਗੁਰੂ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ ।੪੩। (ਉੱਤਰ :) ਪ੍ਰਾਣ ਹੀ ਹਸਤੀ ਦਾ ਮੁੱਢ ਹਨ । (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ । ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ । ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ । ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ । ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ, (ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ।੪੪। (ਪ੍ਰਸ਼ਨ :) ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ? ਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ? ਜੇ ਬਰਫ਼ ਦਾ ਮੰਦਰ ਹੋਵੇ, ਉਸ ਉਤੇ ਅੱਗ ਦਾ ਚੋਲਾ ਹੋਵੇ, ਤਾਂ ਉਸ ਨੂੰ ਕਿਸ ਗੁਫ਼ਾ ਵਿਚ ਰੱਖੀਏ ਕਿ ਟਿਕਿਆ ਰਹੇ? ਇਥੇ ਉਥੇ (ਹਰ ਥਾਂ) ਕਿਸ ਨੂੰ ਪਛਾਣ ਕੇ (ਉਸ ਵਿਚ ਇਹ ਮਨ) ਲੀਨ ਰਹੇ? ਉਹ ਕੇਹੜਾ ਟਿਕਵਾਂ ਬੱਝਵਾਂ ਖ਼ਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ (ਤੇ ਬਾਹਰ ਨਾਹ ਭਟਕੇ)? ।੪੫।