ਫਰੀਦਕੋਟ ਵਿਚ ਅੱਜ ਪੁਲਸ ਨੇ 2 ਬਦਮਾਸ਼ਾਂ ਦਾ ਇਨਕਾਊਂਟਰ ਕਰ ਦਿੱਤਾ। ਉਕਤ ਬਦਮਾਸ਼ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਦੱਸ ਦੇ ਜਾ ਰਹੇ ਹਨ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਪਿਸਤੌਲ ਤੇ ਕਾਰਤੂਸ ਬਰਾਮਦ
ਦੋਵੇਂ ਬਦਮਾਸ਼ ਇੱਕ ਸਕਾਰਪੀਓ ਵਿੱਚ ਆ ਰਹੇ ਸਨ। ਮੁਲਜ਼ਮਾਂ ਦੀ ਪਛਾਣ ਸੁਰੇਂਦਰ ਸਿੰਘ ਉਰਫ਼ ਗਗਨੀ ਅਤੇ ਲਖਵਿੰਦਰ ਸਿੰਘ ਉਰਫ਼ ਲੱਖੂ ਵਜੋਂ ਹੈ, ਜੋ ਕਿ ਅੰਬੇਡਕਰ ਨਗਰ, ਜੈਤੋ ਦੇ ਰਹਿਣ ਵਾਲੇ ਹਨ। ਪੁਲਸ ਨੇ ਉਨ੍ਹਾਂ ਤੋਂ 32 ਬੋਰ ਦਾ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ।
ਪੁਲਸ ਉਤੇ ਕੀਤੀ ਫਾਇਰਿੰਗ
ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਜੈਤੋ ਦੀ ਟੀਮ ਨੇ ਜੈਤੋ ਦੇ ਬਠਿੰਡਾ ਰੋਡ 'ਤੇ ਪਿੰਡ ਚੰਦਭਾਨ ਦੇ ਡਰੇਨ ਪੁਲ ਨੇੜੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਬਠਿੰਡਾ ਵੱਲੋਂ ਆ ਰਹੀ ਇੱਕ ਸਕਾਰਪੀਓ ਕਾਰ ਨੂੰ ਸ਼ੱਕ ਪੈਣ ਉਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਵਿੱਚ ਸਵਾਰ ਲੋਕਾਂ ਨੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ, ਗੋਲੀਆਂ ਬੈਰੀਕੇਡਾਂ 'ਤੇ ਵੱਜੀਆਂ। ਇਸ ਤੋਂ ਬਾਅਦ ਪੁਲਸ ਨੂੰ ਜਵਾਬੀ ਕਾਰਵਾਈ ਕਰਨੀ ਪਈ।
ਇਕ ਦੇ ਲੱਤ ਵਿਚ ਵੱਜੀ ਗੋਲੀ
ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਸੁਰੇਂਦਰ ਸਿੰਘ ਉਰਫ਼ ਗਗਨੀ ਦੀ ਲੱਤ ਵਿੱਚ ਗੋਲੀ ਵੱਜੀ ਅਤੇ ਇਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਡਾ. ਪ੍ਰਗਿਆ ਜੈਨ ਹੋਰ ਉੱਚ ਪੁਲਿਸ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਇਕ ਖਿਲਾਫ ਪਹਿਲਾਂ ਹੀ ਕੇਸ ਦਰਜ
ਐਸਐਸਪੀ ਡਾ. ਪ੍ਰਗਿਆ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਹਿਤ ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਵਿੱਚੋਂ ਸੁਰੇਂਦਰ ਸਿੰਘ ਉਰਫ਼ ਗਗਨੀ ਖ਼ਿਲਾਫ਼ ਪਹਿਲਾਂ ਹੀ ਅਸਲਾ ਅਤੇ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ। ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।