ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ਦਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਕੇਂਦਰੀ ਏਜੰਸੀ ਦੇ ਨਾਲ ਟਿੱਬਾ ਨੰਗਲ-ਕੁਲਾਰ ਰੋਡ ਦੇ ਨੇੜੇ ਜੰਗਲ ਵਿੱਚ ਪਹੁੰਚਿਆ। ਖੁਫ਼ੀਆ ਜਾਣਕਾਰੀ ਤੋਂ ਬਾਅਦ ਟੀਮ ਨੂੰ ਤਲਾਸ਼ੀ ਮੁਹਿੰਮ ਦੌਰਾਨ ਵਿਸਫੋਟਕ ਸਮੱਗਰੀ ਮਿਲੀ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੁਲਿਸ ਨੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਜੰਗਲਾਂ ਤੋਂ 2 ਆਰਪੀਜੀ, 2 ਆਈਈਡੀ, 5 ਹੈਂਡ ਗ੍ਰਨੇਡ ਅਤੇ ਇੱਕ ਵਾਇਰਲੈੱਸ ਸੰਚਾਰ ਸੈੱਟ ਬਰਾਮਦ ਕੀਤਾ ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਿਆ ਹੈ ਕਿ ਪਾਕਿਸਤਾਨ ਦੀ ਆਈਐਸਆਈ ਅਤੇ ਇਸ ਨਾਲ ਜੁੜੇ ਅੱਤਵਾਦੀ ਸੰਗਠਨਾਂ ਨੇ ਪੰਜਾਬ ਵਿੱਚ ਲੁਕੇ ਆਪਣੇ ਸਲੀਪਰ ਸੈੱਲਾਂ ਨੂੰ ਮੁੜ ਸਰਗਰਮ ਕਰਨ ਦੀ ਯੋਜਨਾ ਬਣਾਈ ਸੀ।
ਵਿਸਫੋਟਕ ਸਮੱਗਰੀ ਦੀ ਬਰਾਮਦਗੀ ਇਸੇ ਸਾਜ਼ਿਸ਼ ਦਾ ਹਿੱਸਾ ਹੈ। ਅੱਤਵਾਦੀਆਂ ਨੇ ਇਹ ਸਮੱਗਰੀ ਭਵਿੱਖ ਵਿੱਚ ਹੋਣ ਵਾਲੀਆਂ ਅੱਤਵਾਦੀ ਘਟਨਾਵਾਂ ਲਈ ਛੁਪਾਈ ਸੀ। ਅੰਮ੍ਰਿਤਸਰ ਐਸਐਸਓਸੀ ਟੀਮ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ 26 ਬੇਗੁਨਾਹ ਸੈਲਾਨੀ ਮਾਰੇ ਗਏ ਸਨ| ਜਿਸ ਕਾਰਨ ਭਾਰਤ-ਪਾਕਿਸਤਾਨ 'ਚ ਤਣਾਅ ਵੱਧ ਗਿਆ ਹੈ| ਦੂਜੇ ਪਾਸੇ, ਪੰਜਾਬ-ਹਰਿਆਣਾ 'ਚ ਪਾਣੀ ਨੂੰ ਲੈ ਕੇ ਵੀ ਵਿਵਾਦ ਚੱਲ ਰਿਹਾ ਹੈ|