ਦਿੱਲੀ ਹਾਈ ਕੋਰਟ ਦੇ ਇੱਕ ਜੱਜ ਦੇ ਘਰ ਅੱਗ ਲੱਗਣ 'ਤੇ ਘਰ ਚੋਂ ਵੱਡੀ ਮਾਤਰਾ 'ਚ ਨਕਦੀ ਬਰਾਮਦ ਹੋਈ ਹੈ। ਜਿਸ ਦੀ ਵਿਡੀਉ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ| ਸੁਪਰੀਮ ਕੋਰਟ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਤੋਂ ਪ੍ਰਾਪਤ ਸਬੂਤਾਂ ਨੂੰ ਆਪਣੀ ਵੈੱਬਸਾਈਟ 'ਤੇ ਜਨਤਕ ਕਰ ਦਿੱਤਾ। ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਸੰਜੀਵ ਖੰਨਾ ਨੇ ਸ਼ਨੀਵਾਰ ਨੂੰ ਜਸਟਿਸ ਵਰਮਾ ਵਿਰੁੱਧ ਲੱਗੇ ਦੋਸ਼ਾਂ ਦੀ ਅੰਦਰੂਨੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਉਨ੍ਹਾਂ ਨੂੰ ਨਿਆਂਇਕ ਕੰਮ ਤੋਂ ਰੋਕ ਦਿੱਤਾ ਗਿਆ।
ਦੱਸ ਦੇਈਏ ਕਿ ਜਸਟਿਸ ਯਸ਼ਵੰਤ ਵਰਮਾ ਦੇ ਸਰਕਾਰੀ ਨਿਵਾਸ ਸਥਾਨ 'ਤੇ 14 ਮਾਰਚ ਨੂੰ ਅੱਗ ਲੱਗੀ ਸੀ | ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਬੁਲਾਇਆ। ਕਮਰੇ ਵਿੱਚੋਂ ਕਥਿਤ ਤੌਰ 'ਤੇ ਵੱਡੀ ਮਾਤਰਾ ਵਿੱਚ ਨਕਦੀ ਮਿਲਣ ਤੋਂ ਬਾਅਦ ਨਿਆਂਪਾਲਿਕਾ ਵਿੱਚ ਹਲਚਲ ਮਚ ਗਈ ਹੈ। ਰਿਪੋਰਟਾਂ ਮੁਤਾਬਿਕ ਕਮਰੇ 'ਚ ਮਿਲੀ ਰਕਮ 15 ਕਰੋੜ ਹੈ ਹਾਲਾਂਕਿ ਅਜੇ ਕੋਈ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ
ਸੁਪਰੀਮ ਕੋਰਟ ਦੇ ਕਾਲਜੀਅਮ ਨੇ ਬੇਹਿਸਾਬੀ ਨਕਦੀ ਦੀ ਕਥਿਤ ਖੋਜ ਤੋਂ ਬਾਅਦ ਇੱਕ ਮੀਟਿੰਗ ਬੁਲਾਈ ਸੀ ਅਤੇ ਜਸਟਿਸ ਵਰਮਾ ਵਿਰੁੱਧ ਦੋਸ਼ਾਂ ਬਾਰੇ ਰਿਪੋਰਟ ਦਾਇਰ ਕਰਨ ਲਈ ਕਿਹਾ ਗਿਆ ਸੀ। ਇਹ ਰਿਪੋਰਟ 21 ਮਾਰਚ ਨੂੰ ਪੇਸ਼ ਕੀਤੀ ਗਈ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਜਸਟਿਸ ਵਰਮਾ ਨੂੰ ਉਨ੍ਹਾਂ ਦੀ ਅਸਲ ਅਦਾਲਤ, ਇਲਾਹਾਬਾਦ ਹਾਈ ਕੋਰਟ ਵਿੱਚ ਤਬਦੀਲ ਕਰਨ ਦਾ ਫੈਸਲਾ ਉਨ੍ਹਾਂ ਵਿਰੁੱਧ ਲਗਾਏ ਗਏ ਦੋਸ਼ਾਂ ਤੋਂ ਵੱਖਰਾ ਸੀ।
ਇਸ ਖੁਲਾਸੇ ਤੋਂ ਬਾਅਦ, ਜੱਜ ਯਸ਼ਵੰਤ ਵਰਮਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਇਲਾਹਾਬਾਦ ਹਾਈ ਕੋਰਟ ਭੇਜ ਦਿੱਤਾ ਗਿਆ ਹੈ। ਦਰਅਸਲ, ਜਸਟਿਸ ਵਰਮਾ ਅਕਤੂਬਰ 2021 ਵਿੱਚ ਇਲਾਹਾਬਾਦ ਹਾਈਕੋਰਟ ਤੋਂ ਦਿੱਲੀ ਹਾਈ ਕੋਰਟ ਆਏ ਸਨ।