ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੇ ਜ਼ਿਲ੍ਹੇ ਵਿੱਚ ਇੱਕ ਫਾਰਮਾ ਕੰਪਨੀ 'ਚ ਬੁੱਧਵਾਰ (21 ਅਗਸਤ) ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 17 ਲੋਕਾਂ ਦੀ ਮੌਤ ਹੋ ਗਈ, ਜਦਕਿ 36 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ। ਸਾਰਿਆਂ ਨੂੰ ਜ਼ਿਲ੍ਹੇ ਦੇ ਐਨਟੀਆਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅਚਯੁਤਾਪੁਰਮ ਸੇਜ਼ ਸਥਿਤ ਫਾਰਮਾ ਕੰਪਨੀ ਅਸੈਂਟੀਆ ਦੇ ਪਲਾਂਟ ਵਿੱਚ ਵਾਪਰੀ।
500 ਕਿਲੋਲੀਟਰ ਦੇ ਕੈਪੇਸੀਟਰ ਰਿਐਕਟਰ 'ਚ ਹੋਇਆ ਬਲਾਸਟ
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਹਿਲਾਂ ਕੰਪਨੀ ਦੇ ਰਿਐਕਟਰ ਨੇੜੇ ਅੱਗ ਲੱਗੀ ਦੇਖੀ ਗਈ, ਫਿਰ ਜ਼ੋਰਦਾਰ ਧਮਾਕਾ ਹੋਇਆ। ਇਸ ਕਾਰਨ ਇਮਾਰਤ ਦੀ ਪਹਿਲੀ ਮੰਜ਼ਿਲ ਦੀ ਸਲੈਬ ਡਿੱਗ ਗਈ। ਇਸ ਕਾਰਨ 500 ਕਿਲੋਲੀਟਰ ਦੇ ਕੈਪੇਸੀਟਰ ਰਿਐਕਟਰ ਵਿੱਚ ਧਮਾਕਾ ਹੋਇਆ।
CM ਚੰਦਰਬਾਬੂ ਨਾਇਡੂ , ਘਟਨਾ ਵਾਲੀ ਸਥਾਨ ਦਾ ਕਰਨਗੇ ਦੌਰਾ
ਇਸ ਦੌਰਾਨ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕਰਨਗੇ। ਉਨ੍ਹਾਂ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਵੀ ਦਿੱਤੇ ਹਨ ਅਤੇ ਕਿਹਾ ਕਿ ਜੇਕਰ ਫੈਕਟਰੀ ਪ੍ਰਬੰਧਕਾਂ ਦੀ ਅਣਗਹਿਲੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਅਪ੍ਰੈਲ 2019 'ਚ ਸ਼ੁਰੂ ਹੋਈ ਸੀ ਫੈਕਟਰੀ
ਇੰਟਰਮੀਡੀਏਟ ਕੈਮੀਕਲਜ਼ ਅਤੇ ਐਕਟਿਵ ਫਾਰਮਾਸਿਊਟੀਕਲ ਸਮੱਗਰੀ (ਏਪੀਆਈ) ਬਣਾਉਣ ਵਾਲੀ ਅਸੈਂਟੀਆ ਐਡਵਾਂਸਡ ਸਾਇੰਸਿਜ਼ ਨੇ 200 ਕਰੋੜ ਰੁਪਏ ਦੇ ਨਿਵੇਸ਼ ਨਾਲ ਇਸ ਫੈਕਟਰੀ ਦੀ ਸ਼ੁਰੂਆਤ ਕੀਤੀ। ਇਸ ਦਾ ਉਤਪਾਦਨ ਅਪ੍ਰੈਲ 2019 ਵਿੱਚ ਸ਼ੁਰੂ ਹੋਇਆ ਸੀ।